ਲੋਕਾਂ ਨੂੰ ਘਰਾਂ ਦੀਆਂ ਬਰੂਹਾਂ 'ਤੇ ਸਹੂਲਤ ਦੇਣ ਲਈ ਵਿਸ਼ੇਸ਼ ਕੈਂਪ ਲਾ ਕੇ ਠੋਸ ਯਤਨ ਕਰਨ ਲਈ ਕਿਹਾ
ਕਿਹਾ, ਕਵਰੇਜ ਨੂੰ ਵਧਾਉਣ ਲਈ ਬਲਾਕ ਪੱਧਰ 'ਤੇ ਡਾਟਾ ਸੈੱਲਾਂ ਰਾਹੀਂ ਯੋਗ ਲਾਭਪਾਤਰੀਆਂ ਨਾਲ ਸੰਪਰਕ ਕਰਨ ਲਈ ਨਿਯਮਤ ਫੋਨ ਕੀਤੇ ਜਾਣਗੇ
ਹੁਣ ਤੱਕ ਸਾਰੇ ਯੋਗ ਲਾਭਪਾਤਰੀਆਂ ਨੂੰ 30 ਲੱਖ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ
ਜਲੰਧਰ 03 (ਅਮਰਜੀਤ ਸਿੰਘ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਸਿਹਤ ਅਧਿਕਾਰੀਆਂ ਨੂੰ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਜਲੰਧਰ ਵਿੱਚ ਇੱਕ ਹਫ਼ਤੇ ਦੇ ਅੰਦਰ-ਅੰਦਰ ਯੋਗ ਲਾਭਪਾਤਰੀਆਂ ਦਾ ਸੌ ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾ ਸਕੇ।
ਮੁੱਖ ਸਕੱਤਰ ਪੰਜਾਬ ਅਨਿਰੁੱਧ ਤਿਵਾੜੀ ਦੀ ਪ੍ਰਧਾਨਗੀ ਹੇਠ ਹੋਈ ਸਮੀਖਿਆ ਮੀਟਿੰਗ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸਾਰੇ ਯੋਗ ਲਾਭਪਾਤਰੀਆਂ ਨੂੰ ਟੀਕਾਕਰਨ ਮੁਹਿੰਮ ਦੇ ਘੇਰੇ ਵਿੱਚ ਲਿਆਉਣ ਲਈ ਬਹੁ-ਪੱਖੀ ਰਣਨੀਤੀ ਅਪਣਾਈ ਗਈ ਹੈ, ਜਿਸ ਵਿੱਚ ਘਰਾਂ ਦੀ ਬਰੂਹਾਂ 'ਤੇ ਟੀਕਾਕਰਨ ਦੀਆਂ ਸਹੂਲਤਾਂ ਪ੍ਰਦਾਨ ਕਰਨ ਤੋਂ ਲੈ ਕੇ ਲਾਭਪਾਤਰੀਆਂ ਨੂੰ ਕੈਂਪਾਂ ਵਿੱਚ ਲਿਆਉਣ ਲਈ ਆਸ਼ਾ ਵਰਕਰਾਂ ਨੂੰ ਪ੍ਰੋਤਸਾਹਨ ਦੇਣਾ ਅਤੇ ਟੀਕਾਕਰਨ ਨਾ ਕਰਵਾਉਣ ਵਾਲਿਆਂ 'ਤੇ ਪਾਬੰਦੀ ਲਗਾਉਣਾ ਸ਼ਾਮਲ ਹੈ।
ਡਿਪਟੀ ਕਮਿਸ਼ਨਰ ਨੇ ਸਿਹਤ ਟੀਮਾਂ ਨੂੰ ਆਪੋ-ਆਪਣੇ ਸਿਹਤ ਬਲਾਕਾਂ ਵਿੱਚ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਕੋਈ ਵੀ ਯੋਗ ਵਿਅਕਤੀ ਕੋਵਿਡ ਵੈਕਸੀਨ ਦੀ ਖੁਰਾਕ ਤੋਂ ਵਾਂਝਾ ਨਾ ਰਹੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜਿਨ੍ਹਾਂ ਨੇ ਆਪਣੀ ਖੁਰਾਕ (ਪਹਿਲੀ ਜਾਂ ਦੂਜੀ) ਨਹੀਂ ਪ੍ਰਾਪਤ ਕੀਤੀ, ਉਨ੍ਹਾਂ ਨੂੰ ਆਪਣਾ ਟੀਕਾਕਰਨ ਕਰਵਾਉਣ ਤੱਕ ਨਿਯਮਿਤ ਤੌਰ 'ਤੇ ਫ਼ੋਨ ਕੀਤੇ ਜਾਣ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਹਰੇਕ ਸਿਹਤ ਬਲਾਕ ਵਿੱਚ ਡਾਟਾ ਸੈੱਲ-ਕਮ-ਕਾਲ ਸੈਂਟਰ ਸਥਾਪਤ ਕੀਤੇ ਜਾਣਗੇ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਟੀਕਾਕਰਨ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਦਿੱਕਤ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਵੱਲੋਂ ਇੱਕ ਹੈਲਪਲਾਈਨ ਨੰਬਰ 0181-2224417 ਵੀ ਜਾਰੀ ਕੀਤਾ ਗਿਆ ਹੈ ਅਤੇ ਇਸ ਹੈਲਪਲਾਈਨ ਨੰਬਰਾਂ 'ਤੇ ਕਾਲ ਕਰਨ ਵਾਲਿਆਂ ਨੂੰ ਮੋਬਾਈਲ ਕੈਂਪਾਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ।
ਟੀਕਾਕਰਨ ਮੁਹਿੰਮ 'ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਵਿੱਚ ਹੁਣ ਤੱਕ ਸਾਰੇ ਯੋਗ ਲਾਭਪਾਤਰੀਆਂ ਨੂੰ 30,40,830 ਖੁਰਾਕਾਂ ਲਗਾਈਆਂ ਹਨ। ਉਨ੍ਹਾਂ ਦੱਸਿਆ ਕਿ 16,92,269 ਪਹਿਲੀ ਅਤੇ 13,07,301 ਦੂਜੀ ਅਤੇ 41,260 ਅਹਿਤਿਆਤੀ ਖੁਰਾਕ ਲਗਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ 49,796 ਖੁਰਾਕਾਂ 15-18 ਸਾਲ ਦੀ ਉਮਰ ਦੇ ਲਾਭਪਾਤਰੀਆਂ ਨੂੰ ਲਗਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ 257 ਤੋਂ ਵੱਧ ਮੋਬਾਈਲ ਕੈਂਪ ਲਗਾਏ ਜਾ ਰਹੇ ਹਨ ਜਦਕਿ ਸ਼ਨੀਵਾਰ ਤੇ ਐਤਵਾਰ ਨੂੰ ਜ਼ਿਲ੍ਹੇ ਭਰ ਵਿੱਚ ਲਗਭਗ 350 ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਘੇਰੇ ਵਿੱਚ ਯੋਗ ਵਿਦਿਆਰਥੀਆਂ ਨੂੰ ਲਿਆਉਣ ਲਈ ਜਲੰਧਰ ਦੇ 443 ਸਕੂਲਾਂ ਨੂੰ ਕਵਰ ਕਰਨ ਲਈ ਇੱਕ ਵਿਆਪਕ ਯੋਜਨਾ ਵੀ ਉਲੀਕੀ ਗਈ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਟੀਕਾਕਰਨ ਕਵਰੇਜ ਦੇ ਨਾਲ ਪਿੰਡਾਂ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ, ਜਿਸ ਨਾਲ ਅਧਿਕਾਰੀਆਂ ਨੂੰ ਘੱਟ ਕਵਰੇਜ ਵਾਲੇ ਪਿੰਡਾਂ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਡਿਊਟੀ ਵਿੱਚ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਐਸ.ਡੀ.ਐਮਜ਼ ਪੂਨਮ ਸਿੰਘ, ਹਰਪ੍ਰੀਤ ਅਟਵਾਲ, ਬਲਬੀਰ ਰਾਜ ਸਿੰਘ, ਆਰ.ਟੀ.ਏ ਰਾਜੀਵ ਵਰਮਾ, ਲਾਲ ਵਿਸ਼ਵਾਸ, ਜ਼ਿਲ੍ਹਾ ਟੀਕਾਕਰਨ ਅਫ਼ਸਰ ਰਾਕੇਸ਼ ਚੋਪੜਾ, ਸਮੂਹ ਸਿਹਤ ਬਲਾਕਾਂ ਦੇ ਐਸ.ਐਮ.ਓਜ਼ ਮੌਜੂਦ ਸਨ।
0 Comments