ਗੁਰਮਤਿ ਸੰਗੀਤ ਦੀ ਸੰਘਰਸ਼ਸ਼ੀਲ ਸ਼ਖ਼ਸੀਅਤ : ਭਾਈ ਮਨਜਿੰਦਰ ਸਿੰਘ ਰਬਾਬੀ

 

         


ਭਾਈ ਮਨਜਿੰਦਰ ਸਿੰਘ ਰਬਾਬੀ ਜੀ ਦਾ ਜਨਮ ਜਿਲਾ ਪਟਿਆਲਾ ਦੇ ਪਿੰਡ ਆਲਮਪੁਰ ਵਿੱਚ ਪਿਤਾ ਸ: ਸੇਵਾ ਸਿੰਘ ਚੱਕੀਵਾਲੇ ਦੇ ਘਰ ਮਾਤਾ ਲਖਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ। ਉਨਾਂ ਬਚਪਨ ਤੋਂ ਹੀ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਜੀ ਨੂੰ ਬਹੁਤ ਸੁਣਿਆ ਜਿਸ ਦੇ ਨਤੀਜਨ ਪੜਾਈ ਦੇ ਨਾਲ-ਨਾਲ ਉਨਾਂ ਨੇ ਰਾਜਪੁਰੇ ਤੋਂ ਉਸਤਾਦ ਰਾਗੀ ਭਾਈ ਸੁਖਵਿੰਦਰ ਸਿੰਘ ਜੀ ਪੱਪੀ ਹੁਰਾਂ ਪਾਸੋਂ ਲਗਭਗ ਇੱਕ ਸਾਲ ਕੀਰਤਨ ਦੀ ਸਿੱਖਿਆ ਹਾਸਲ ਕੀਤੀ। ਬਾਰਵੀਂ ਉਪਰੰਤ ਆਪ ਜੀ ਨੇ ਪਟਿਆਲੇ ਖਾਲਸਾ ਕਾਲਜ ਤੋਂ ਸੰਗੀਤ ਦੀ ਬੀ ਏ ਕੀਤੀ। ਫਿਰ, ਅਗਸਤ 2008 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੇਖ-ਰੇਖ ਹੇਠ ਚੱਲ ਰਹੀ ਅਕੈਡਮੀ ਗੁਰਮਤਿ ਸੰਗੀਤ ਅਕੈਡਮੀ (ਅੱਜ-ਕੱਲ ਪਦਮਸ੍ਰੀ ਪ੍ਰੋ. ਕਰਤਾਰ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ) ਵਿੱਚ ਦਾਖਲਾ ਲਿਆ ਤੇ ਗੁਰਮਤਿ ਸੰਗੀਤ ਦੇ ਮਹਾਨ ਆਚਾਰੀਆ ਨੈਸ਼ਨਲ ਅਵਾਰਡੀ, ਪਦਮਸ਼੍ਰੀ ਪ੍ਰੋ. ਕਰਤਾਰ ਸਿੰਘ ਜੀ ਪਾਸੋਂ ਬੜੀ ਸ਼ਿੱਦਤ ਤੇ ਲਗਨ ਨਾਲ ਗਾਇਨ ਦੇ ਨਾਲ ਨਾਲ ਰਬਾਬ ਵਾਦਨ ਦੀ ਸਿੱਖਿਆ ਵੀ ਹਾਸਲ ਕੀਤੀ ਜਿਸਦੇ ਵਿੱਚ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਸਾਗਰ ਤੇ ਭਾਈ ਕੁਲਵਿੰਦਰ ਸਿੰਘ ਜੀ ਦਾ ਬਹੁਤ ਯੋਗਦਾਨ ਰਿਹਾ। ਇਹਨਾਂ ਤਿੰਨਾਂ ਸਾਲਾਂ ਵਿੱਚ ਹੀ ਗੁਰਮਤਿ ਸੰਗੀਤ ਦੇ ਡਿਪਲੋਮੇ ਤੋਂ ਇਲਾਵਾ ਉਨਾਂ ਨੇ ਪ੍ਰਾਚੀਨ ਕਲਾ ਕੇਂਦਰ ਚੰਡੀਗੜ ਤੋਂ ਤਿੰਨ ਸਾਲ ਦਾ ਭਾਰਤੀ ਸੰਗੀਤ ਦਾ ਡਿਪਲੋਮਾ ਵੀ ਪਹਿਲੇ ਦਰਜੇ ਵਿੱਚ ਹਾਸਿਲ ਕੀਤਾ।

         


ਇਸਦੇ ਚੱਲਦਿਆਂ ਹੀ 2011 ਤੱਕ ਅਨੇਕਾਂ ਵਾਰ ਹਰ ਬੁੱਧਵਾਰ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਵਿੱਖੇ ਪ੍ਰੋ. ਕਰਤਾਰ ਸਿੰਘ ਜੀ ਨਾਲ ਤੰਤੀ ਸਾਜ਼ਾਂ ਨਾਲ ਹਾਜ਼ਰੀਆਂ ਭਰਨ ਦਾ ਅਵਸਰ ਪ੍ਰਾਪਤ ਹੋਇਆ। 2011 ਵਿੱਚ ਅਕੈਡਮੀ ਵਿੱਚੋਂ ਪਾਸ ਆਉਟ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੱਤੀਸਗੜ, ਰਾਏਪੁਰ, ਉੜੀਸਾ, ਉਤਰ ਪ੍ਰਦੇਸ, ਪਟਿਆਲਾ ਦੁੱਖ-ਨਿਵਾਰਨ ਸਾਹਿਬ ਆਦਿ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਆਪ ਜੀ ਨੇ ਕੀਰਤਨ ਦੀ ਲਗਾਈ ਗਈ ਡਿਊਟੀ ਬਹੁਤ ਸੇਵਾ ਭਾਵ ਨਾਲ ਨਿਭਾਈ। ਉਪਰੰਤ ਦੋਰਾਹਾ ਵਿਖੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ 2014 ਤੱਕ ਕੀਰਤਨ ਦੀ ਸੇਵਾ ਨਿਭਾਉਣ ਦੇ ਨਾਲ-ਨਾਲ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਰਾਗ ਦਰਬਾਰਾਂ ਵਿੱਚ ਅਦੁੱਤੀ ਸੰਗੀਤ ਸੰਮੇਲਨ ਜਵੱਦੀ ਟਕਸਾਲ, ਸਿੱਖ ਪੰਥ ਦੇ ਤੇ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮਹਾਨ ਰਾਗੀ ਜਿਨਾਂ ਵਿੱਚ ਭਾਈ ਜਸਪਿੰਦਰ ਸਿੰਘ ਜੀ ਹਜ਼ੂਰੀ ਰਾਗੀ, ਭਾਈ ਹਰਪਿੰਦਰ ਸਿੰਘ ਜੀ ਹਜ਼ੂਰੀ ਰਾਗੀ, ਡਾ. ਗੁਰਿੰਦਰ ਸਿੰਘ ਜੀ ਬਟਾਲੇ ਵਾਲੇ, ਭਾਈ ਸਰਬਜੀਤ ਸਿੰਘ ਲਾਡੀ ਹਜ਼ੂਰੀ ਰਾਗੀ, ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਤੇ ਹੋਰ ਵੀ ਰਾਗੀ ਸਿੰਘਾਂ ਨਾਲ ਤੰਤੀ ਸਾਜ ਰਬਾਬ ਨਾਲ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਵੱਦੀ ਟਕਸਾਲ ਵੱਲੋਂ 62 ਰਾਗਾਂ ’ਤੇ ਆਧਾਰਿਤ ਰਾਗ ਨਾਦ ਸ਼ਬਦ ਸੋਹਣੇ ਦੇ ਪ੍ਰੋਜੈਕਟ ਵਿੱਚ ਤੰਤੀ ਸਾਜ ਰਬਾਬ ਦੁਆਰਾ ਸੇਵਾ ਨਿਭਾਈ।  ਦਸੰਬਰ 2013 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਲਿਆ ਗਿਆ ਟੈਸਟ ਪਾਸ ਕਰਕੇ 5 ਜਨਵਰੀ 2014 ਨੂੰ ਮਨਜਿੰਦਰ ਸਿੰਘ ਜੀ ਦੀ ਡਿਊਟੀ ਭਾਈ ਇੰਦਰਜੀਤ ਸਿੰਘ ਜੀ ਦੇ ਜਥੇ ਸਮੇਤ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਵਿਖੇ ਲਗਾ ਦਿੱਤੀ ਗਈ। ਫਿਰ, ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪਸਾਰ ਦੇ ਲਈ 2012 ਵਿੱਚ ਸੰਗਤ ਦੀ ਮੰਗ ਦੇ ਅਧਾਰ ’ਤੇ ਭਾਈ ਸਾਹਿਬ ਜੀ ਨੂੰ ਆਪਣੇ ਜਥੇ ਸਮੇਤ ਮਲੇਸ਼ੀਆ, 2019 ਵਿੱਚ ਮਲੇਸ਼ੀਆ ਤੇ ਕਨੇਡਾ ਦੇ ਵੱਖ ਵੱਖ ਹਿੱਸਿਆਂ ਵਿੱਚ ਕੀਰਤਨ ਕਰਦੇ ਹੋਇਆਂ ਵਿਦੇਸ਼ ਦੀਆਂ ਸੰਗਤਾਂ ਤੋਂ ਅਥਾਹ ਪ੍ਰੇਮ- ਪਿਆਰ ਤੇ ਬਹੁਤ ਸਾਰੇ ਮਾਨ-ਸਨਮਾਨ ਮਿਲੇ।

          ਭਾਈ ਮਨਜਿੰਦਰ ਸਿੰਘ ਜੀ ਦੇ ਗੁਰਬਾਣੀ ਦੇ ਰਿਕਾਰਡ ਹੋਏ ਸ਼ਬਦ, ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ’, ‘ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ’, ‘ਬੰਦੇ ਖੋਜੁ ਦਿਲ ਹਰਿ ਰੋਜ’, ‘ਧੰਨ ਨਾਨਕ ਤੇਰੀ ਵੱਡੀ ਕਮਾਈ’, ‘ਗੁਰ ਰਾਮਦਾਸ ਰਾਖਹੁ ਸਰਣਾਈ’ ਤੇ ਹੋਰ ਵੀ ਕਈ ਸ਼ਬਦ ਚੀਮਾ ਫਿਲਮ ਸਟੁੱਡੀਓ ਵੱਲੋਂ ਰਿਲੀਜ ਕੀਤੇ ਗਏ ਹਨ। ਜਿਨਾਂ ਵਿੱਚ ਸਾਥੀ ਸਹਾਇਕ ਰਾਗੀ ਵਜੋਂ ਭਾਈ ਕਰਨਜੀਤ ਸਿੰਘ ਤੇ ਤਬਲਾ ਵਾਦਕ ਵਜੋਂ ਭਾਈ ਤਵਿੰਦਰ ਸਿੰਘ ਜੀ ਨੇ ਉਨਾਂ ਦਾ ਸਾਥ ਦਿੱਤਾ।  ਆਉਣ ਵਾਲੇ ਸਮੇ ਵਿੱਚ ਅੱਗੇ ਹੋਰ ਸ਼ਬਦ ਵੀ ਰੀਲੀਜ ਕੀਤੇ ਜਾ ਰਹੇ ਹਨ। ਅੱਜ-ਕੱਲ ਗੁਰਦੁਆਰਾ ਨਾਢਾ ਸਾਹਿਬ ਵਿਖੇ ਹੈੱਡ ਰਾਗੀ ਵਜੋਂ ਡਿਊਟੀ ਨਿਭਾਅ ਰਹੇ ਭਾਈ ਮਨਜਿੰਦਰ ਸਿੰਘ ਜੀ ਹੁਣ ਵੀ ਸਮੇਂ ਸਮੇਂ ’ਤੇ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੇ ਰਾਗ ਦਰਬਾਰਾਂ ਵਿੱਚ ਤੰਤੀ ਸਾਜ ਰਬਾਬ ਰਾਹੀਂ ਹਾਜ਼ਰੀਆਂ ਭਰ ਰਹੇ ਹਨ। ਆਪਣੇ ਇਸ ਖੇਤਰ ਵਿੱਚ ਅੱਗੇ ਵਧਣ ਲਈ ਉਹ ਆਪਣੇ ਮਾਤਾ ਪਿਤਾ ਤੋਂ ਇਲਾਵਾ ਦਾਦਾ ਸਵ: ਸ ਦਲੀਪ ਸਿੰਘ ਜੀ (ਫਰੀਡਮ ਫਾਈਟਰ, ਜੋ ਕਿ 1947 ਦੀ ਵੰਡ ਤੋਂ ਬਾਅਦ ਲਾਹੌਰ ਤੋਂ ਆ ਕੇ ਪਟਿਆਲੇ ਵਸੇ ਸਨ), ਭਾਈ ਜਸਪਿੰਦਰ ਸਿੰਘ ਜੀ ਹਜ਼ੂਰੀ ਰਾਗੀ, ਭਾਈ ਮੱਖਣ ਸਿੰਘ ਜੀ ਚੰਡੀਗੜ ਵਾਲੇ ਤੇ ਸ ਗੁਰਸੇਵਕ ਸਿੰਘ ਯੂ ਕੇ ਹੁਰਾਂ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ। ਭਾਈ ਮਨਜਿੰਦਰ ਸਿੰਘ ਰਬਾਬੀ ਰੂਪੀ ਕਲ ਕਲ ਵਗਦੇ ਠਾਠਾਂ ਮਾਰਦੇ ਇਸ ਦਰਿਆ ਦੀਆਂ ਸੰਗੀਤਕ ਛੱਲਾਂ ਇਵੇਂ ਹੀ ਨਿਰੰਤਰ ਵਗਦੀਆਂ ਵਿਸ਼ਵ ਭਰ ਦੀਆਂ ਸੰਗਤਾਂ ਦੇ ਹਿਰਦੇ ਸ਼ਾਂਤ ਕਰਦੀਆਂ, ਗੁਰਬਾਣੀ ਦਾ ਪ੍ਰਸਾਰ-ਪ੍ਰਚਾਰ ਕਰਦੀਆਂ ਦੁਆਵਾਂ ਖੱਟਦੀਆਂ ਰਹਿਣ!  ਆਮੀਨ !

    -ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641

 ਸੰਪਰਕ : ਭਾਈ ਮਨਜਿੰਦਰ ਸਿੰਘ ਰਬਾਬੀ, 9855351830

Post a Comment

0 Comments