ਭਗਵੰਤ ਮਾਨ ਵਲੋਂ ਰਾਜਪਾਲ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਗਿਆ, 16 ਮਾਰਚ ਨੂੰ ਚੁੱਕਣਗੇ ਸਹੁੰ


ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ, ਅਮਰਜੀਤ ਸਿੰਘ)- ਵਿਧਾਨ ਸਭਾ ਚੋਣਾਂ 2022 ਵਿਚ ਇਤਿਹਾਸਕ ਜਿਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਭਗਵੰਤ ਮਾਨ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ। ਭਗਵੰਤ ਮਾਨ ਨੇ ਰਾਜਪਾਲ ਅਗੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਹੈ। ਭਗਵੰਤ ਮਾਨ ਚੰਡੀਗੜ੍ਹ ਸਥਿਤ ਰਾਜ ਭਵਨ ਵਿਖੇ ਪਹੁੰਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ਼੍ਰੀ ਮਾਨ ਦੇ ਦਾਅਵੇ ਨੂੰ ਪ੍ਰਵਾਨ ਕਰ ਲਿਆ। ਭਗਵੰਤ ਮਾਨ 16 ਮਾਰਚ ਨੂੰ ਸ਼ਹੀਦਾਂ ਦੀ ਧਰਤੀ ਖਟਕੜ ਕਲਾ ਵਿਖੇ ਦੁਪਹਿਰ 12.30 ਵਜੇ ਸਹੁੰ ਚੁਕਣਗੇ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ 16 ਮਾਰਚ ਨੂੰ ਸਿਰਫ਼ ਉਹ ਹੀ ਨਹੀਂ ਬਲਕਿ ਪੰਜਾਬ ਦੀ ਖੁਸ਼ਹਾਲੀ ਲਈ ਪੂਰੇ ਪੰਜਾਬ ਦੇ ਲੋਕ ਸਹੁੰ ਚੁਕਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸਹੁੰ ਚਕ ਸਮਾਗਮ ਵਿਚ ਸ਼ਾਮਲ ਹੋਣ ਦਾ ਸਦਾ ਦਿਤਾ। ਸ਼੍ਰੀ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਰਾਹ ’ਤੇ ਚਲਦਿਆਂ ਪੰਜਾਬ ਦੀ ਖੁਸ਼ਹਾਲੀ ਲਈ ਵਡੇ ਫੈਸਲੇ ਲਏ ਜਾਣਗੇ। ਦਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਦੇ ਜਿਤੇ ਵਿਧਾਇਕਾਂ ਨੇ ਕਲ੍ਹ ਮੁਹਾਲੀ ’ਚ ਮੀਟਿੰਗ ਦੌਰਾਨ ਭਗਵੰਤ ਮਾਨ ਨੂੰ ਸਰਬਸੰਮਤੀ ਨਾਲ ਰਸਮੀ ਤੌਰ ’ਤੇ ਆਗੂ ਚੁੱਣ ਲਿਆ ਸੀ। ਧੂਰੀ ਤੋਂ ਵਿਧਾਇਕ ਬਣੇ ਸ਼੍ਰੀ ਮਾਨ 16 ਮਾਰਚ ਨੂੰ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਪੰਜਾਬ ਦੇ 17ਵੇਂ ਮੁਖ ਮੰਤਰੀ ਵਜੋਂ ਹਲਫ਼ ਲੈਣਗੇ। ਉਨ੍ਹਾਂ ਨੇ ਅਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਰਸਮੀ ਤੌਰ ’ਤੇ ਦਾਅਵਾ ਪੇਸ਼ ਕੀਤਾ। ਪੰਜਾਬ ਦੇ ਸਿਆਸੀ ਇਤਿਹਾਸ ਵਿਚ ‘ਆਪ’ ਪਹਿਲੀ ਵਾਰ ਸਤਾ ’ਤੇ ਕਾਬਜ਼ ਹੋਣ ਜਾ ਰਹੀ ਹੈ, ਜਿਸ ਦੇ ਮੁਖ ਮੰਤਰੀ ਭਗਵੰਤ ਮਾਨ ਹੋਣਗੇ। ਇਸ ਤੋਂ ਪਹਿਲਾਂ ਕਲ੍ਹ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੀ ਪਾਰਟੀ ਦੀ ਹੋਈ ਹਾਰ ਮਗਰੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਆਪਣਾ ਅਸਤੀਫ਼ਾ ਸੌਂਪ ਦਿਤਾ ਸੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੀ ਧਾਰਾ (2) ਦੀ ਉਪ ਧਾਰਾ (ਬੀ) ਤਹਿਤ ਮਿਲੀਆਂ ਸ਼ਕਤੀਆਂ ਦੀ ਪਾਲਣਾ ਕਰਦਿਆਂ 15ਵੀਂ ਪੰਜਾਬ ਵਿਧਾਨ ਸਭਾ ਨੂੰ ਭੰਗ ਕਰ ਦਿਤਾ ਸੀ। ਕੈਬਨਿਟ ਨੇ ਆਪਣੇ ਕਾਰਜਕਾਲ ਦੀ ਆਖਰੀ ਮੀਟਿੰਗ ਕਰਕੇ 15ਵੀਂ ਪੰਜਾਬ ਵਿਧਾਨ ਸਭਾ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਸੀ। ਚੰਨੀ ਨੇ ਭਦੌੜ ਅਤੇ ਚਮਕੌਰ ਸਾਹਿਬ ਤੋਂ ਚੋਣ ਲੜੀ ਸੀ ਅਤੇ ਉਹ ‘ਆਪ’ ਦੇ ਉਮੀਦਵਾਰਾਂ ਕੋਲੋਂ ਦੋਵੇਂ ਸੀਟਾਂ ਹਾਰ ਗਏ ਹਨ। 


Post a Comment

0 Comments