ਹਲਕਾ ਆਦਮਪੁਰ ਦੇ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਵਲੋਂ ਗੁਰਦੁਵਾਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵਿਖੇ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ
ਐਮ.ਐਲ.ਏ ਆਦਮਪੁਰ ਬਨਣ ਤੇ ਸਤਿਗੁਰਾਂ ਦਾ ਕੀਤਾ ਸ਼ੁਕਰਾਨਾਂ, ਸਰਬੱਤ ਸੰਗਤਾਂ ਦੇ ਭਲੇ ਲਈ ਗੁਰੂ ਘਰ ਕਰਵਾਈ ਅਰਦਾਸ

ਆਦਮਪੁਰ (ਅਮਰਜੀਤ ਸਿੰਘ, ਸਾਬੀ ਪੰਡੋਰੀ ਨਿੱਜਰਾਂ)- ਹਲਕਾ ਆਦਮਪੁਰ ਦੇ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਵਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾਂ ਕਰਦੇ ਹੋਏ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਵਿੱਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਵਿੱਤਰ ਜਾਪ ਕਰਵਾਏ ਅਤੇ ਗੁਰੂ ਘਰ ਨਤਮਸਤਕ ਹੁੰਦੇ ਹੋਏ ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਕਰਵਾਏ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸਰਬੱਤ ਸੰਗਤਾਂ ਦੇ ਭਲੇ ਦੀ ਅਰਦਾਸ ਬੇਨਤੀ ਵੀ ਗ੍ਰੰਥੀ ਸਿੰਘਾ ਵਲੋਂ ਕੀਤੀ ਗਈ। ਇਸ ਮੌਕੇ ਤੇ ਗੁਰਦੁਵਾਰਾ ਸ਼ਹੀਦ ਬਾਬਾ ਮੱਤੀ ਸਾਹਿਬ ਡਰੋਲੀ ਕਲਾਂ ਦੇ ਪ੍ਰਧਾਨ ਮਨੋਹਰ ਸਿੰਘ, ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਵਲੋਂ ਗੁਰੂ ਘਰ ਪੁੱਜਣ ਐਮ.ਐਲ.ਏ ਸੁਖਵਿੰਦਰ ਕੋਟਲੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੇਪਾਉ ਭੇਟ ਕਰਕੇ ਉਨ੍ਹਾਂ ਦਾ ਜਿਥੇ ਵਿਸ਼ੇਸ਼ ਸਨਮਾਨ ਅਤੇ ਸਵਾਗਤ ਕੀਤਾ ਉਥੇ ਐਮ.ਐਲ.ਏ ਆਦਮਪੁਰ ਬਨਣ ਤੇ ਉਨ੍ਹਾਂ ਨੂੰ ਮੁਬਾਰਕਾਂ ਵੀ ਦਿੱਤੀਆਂ। ਇਸ ਮੌਕੇ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਆਦਮਪੁਰ ਹਲਕੇ ਦੇ ਲੋਕਾਂ ਨੇ ਜੋ ਉਨ੍ਹਾਂ ਨੂੰ ਏਨਾਂ ਜ਼ਿਆਦਾ ਪਿਆਰ ਬਖਸ਼ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿਤਾ ਹੈ ਉਹ ਇਹ ਸੇਵਾ ਤੰਨਦੇਹੀ ਨਾਲ ਨਿਭਾਉਦੇ ਹੋਏ ਇਲਾਕੇ ਦੇ ਵਿਕਾਸ ਨੂੰ ਸਮਰਪਿੱਤ ਹੋਣਗੇ ਅਤੇ ਆਦਮਪੁਰ ਦਾ ਵਿਕਾਸ ਤੇਜ਼ੀ ਨਾਲ ਕਰਵਾਉਣਗੇ। ਉਨ੍ਹਾਂ ਸਮੂਹ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਲਕਾ ਆਦਮਪੁਰ ਦੇ ਸਮੂਹ ਪਤਵੰਤੇ ਸੱਜਣ ਅਤੇ ਆਗੂ ਹਾਜ਼ਰ ਸਨ। ਇਹ ਜਾਣਕਾਰੀ ਪ੍ਰੈਸ ਨੂੰ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਵਲੋਂ ਦਿੱਤੀ ਗਈ।


Post a Comment

0 Comments