ਜਲੰਧਰ 04 ਮਾਰਚ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਨਾਰੀ ਚੇਤਨਾ ਸੈਮੀਨਾਰ ਮਨਾਉਣ ਸਬੰਧੀ ਇੱਕ ਅਹਿਮ ਮੀਟਿੰਗ ਪਟਿਆਲਾ ਦੇ ਮਹਿਲਾ ਵਿੰਗ ਨਾਲ਼ ਜ਼ਿਲ੍ਹਾ ਪ੍ਰਧਾਨ ਕੁਲਵੰਤ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੀ ਮਹਿਲਾ ਕੌਮੀ ਪ੍ਰਧਾਨ ਮੈਡਮ ਪ੍ਰਿਤਪਾਲ ਕੌਰ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਵਿਸ਼ੇਸ਼ ਤੌਰ ਤੇ ਪਹੁੰਚੀਆਂ ਹੋਈਆਂ ਸਨ। ਇਸ ਮੌਕੇ 11-03-2022 ਨੂੰ ਹੋਣ ਜਾ ਰਿਹਾ ਨਾਰੀ ਚੇਤਨਾ ਸੈਮੀਨਾਰ ਨੂੰ ਕਾਮਯਾਬ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ। ਜ਼ਿਲ੍ਹਾ ਪਟਿਆਲਾ ਵੱਲੋਂ ਇਸ ਸੈਮੀਨਾਰ ਵਿੱਚ ਘੱਟੋ ਘੱਟ ਵੀਹ ਔਰਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ। ਇਸ ਮੌਕੇ ਕੌਮੀ ਪ੍ਰਧਾਨ ਪ੍ਰਿਤਪਾਲ ਕੌਰ ਨੇ ਕਿਹਾ ਕਿ ਔਰਤ ਦਾ ਜਸ਼ਨ ਮਨਾਉਣਾ ਆਪਣੀ ਜ਼ਿੰਦਗੀ ਵਿੱਚ ਹਰ ਇੱਕ ਔਰਤ ਲਈ ਸ਼ੁਕਰਗੁਜ਼ਾਰ ਮਹਿਸੂਸ ਕਰਨ ਦਾ ਇੱਕ ਤਰੀਕਾ ਹੈ, ਭਾਵੇਂ ਇਹ ਪੇਸ਼ੇਵਰ ਜਾਂ ਨਿੱਜੀ ਜੀਵਨ ਵਿੱਚ ਹੋਵੇ। ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਦੁਨੀਆ ਭਰ ਵਿੱਚ ਔਰਤਾਂ ਦੀ ਬਹਾਦਰੀ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇਸ ਦਿਨ ਨੂੰ ਰਾਸ਼ਟਰੀ ਛੁੱਟੀ ਵਜੋਂ ਮਨਾਇਆ ਜਾਂਦਾ ਹੈ। ਵੱਖ-ਵੱਖ ਸੱਭਿਆਚਾਰਕ ਅਤੇ ਨਸਲੀ ਸਮੂਹਾਂ ਦੀਆਂ ਔਰਤਾਂ ਸ਼ਾਂਤੀ, ਨਿਆਂ, ਬਰਾਬਰੀ ਅਤੇ ਵਿਕਾਸ ਲਈ ਆਪਣੇ ਕਈ ਦਹਾਕਿਆਂ ਦੇ ਸੰਘਰਸ਼ ਨੂੰ ਯਾਦ ਕਰਨ ਲਈ ਸਾਰੀਆਂ ਹੱਦਾਂ ਪਾਰ ਕਰਕੇ ਇਕੱਠੇ ਹੁੰਦੀਆਂ ਹਨ। ਇਹ ਦਿਨ ਔਰਤਾਂ ਨੂੰ ਕਿਸੇ ਵੀ ਖੇਤਰ ਵਿੱਚ ਬਰਾਬਰ ਦੇ ਮੌਕੇ ਲਈ ਆਪਣੀ ਆਵਾਜ਼ ਉਠਾਉਣ ਦੀ ਇਜਾਜ਼ਤ ਦਿੰਦਾ ਹੈ ਜਿਸ ਵਿੱਚ ਉਹ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੁੰਦੀ ਹੈ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ ਉਪ ਚੇਅਰਪਰਸਨ ਇਸਤਰੀ ਵਿੰਗ, ਕਰਮਜੋਤ ਕੌਰ, ਬਲਵਿੰਦਰ ਕੌਰ, ਬਲਜਿੰਦਰ ਕੌਰ ਮੀਤ ਪ੍ਰਧਾਨ, ਗੁਰਕੀਰਤ ਕੌਰ, ਸਤਿੰਦਰ ਕੌਰ, ਤਰਨਜੀਤ ਕੌਰ ਮੀਤ ਪ੍ਰਧਾਨ, ਰਾਜ ਰਾਣੀ ਜਨਰਲ ਸਕੱਤਰ,ਚਾਰੂ, ਸਤਨਾਮ ਰਾਣੀ ਜ਼ਿਲ੍ਹਾ ਜਨਰਲ ਸਕੱਤਰ, ਕੁਲਵਿੰਦਰ ਕੌਰ ਅਤੇ ਸ਼ਰਨਜੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
0 Comments