ਮਿਲਾਵਟੀ ਪਦਾਰਥ ਵੇਚਣ ਵਾਲੇ ਆਪ ਕਿਉ ਨਹੀ ਖਾਦੇ ਮਿਲਾਵਟੀ ਵਸਤਾ: ਡਾ ਲਖਵੀਰ ਸਿੰਘ


ਹੁਸ਼ਿਆਰਪੁਰ 24 ਮਾਰਚ (ਤਰਸੇਮ ਦੀਵਾਨਾ)- ਪੰਜਾਬ ਦੇ ਲੋਕਾਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਸਾਫ ਸੁਥਰਾ, ਮਿਆਰੀ ਅਤੇ ਮਿਲਾਵਟ ਰਹਿਤ ਖਾਧ ਪਦਾਰਥਾਂ ਦੀ ਉਪੱਲਭਧਤਾ ਅਤੇ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਸਬੰਧ ਵਿੱਚ ਪੰਜਾਬ ਸਰਕਾਰ ਦੀ ਵੱਚਨਬੱਧਤਾ ਦੇ ਮੱਦੇਨਜ਼ਰ ਸਿਹਤ ਮੰਤਰੀ ਪੰਜਾਬ ਡਾ.ਵਿਜੈ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ  ਸਿਹਤ ਅਫਸਰ ਡਾ.ਲਖਵੀਰ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਜਿਸ ਵਿੱਚ ਰਮਨ ਵਿਰਦੀ ਐਫ.ਐਸ.ਓ, ਨਰੇਸ਼ ਕੁਮਾਰ ਅਤੇ ਰਾਮ ਲੁਭਾਇਆ ਵਲੋਂ ਜਿਲ੍ਹੇ ਦੇ ਵੱਖ ਵੱਖ ਖੇਤਰਾਂ ਵਿੱਚ ਫੂਡ ਵਿਕਰੇਤਾਂਵਾਂ ਦੀ ਚੈਕਿੰਗ ਕਰਕੇ 14 ਸੈਂਪਲ ਇੱਕਤਰ ਕੀਤੇ ਗਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਫੂਡ ਸੇਫਟੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਵੇਲਣਿਆਂ ਅਤੇ ਦੁਕਾਨਾਂ ਤੋਂ ਗੁੜ ਅਤੇ ਸ਼ੱਕਰ ਦੇ ਲਏ ਗਏ ਸੈਂਪਲਾਂ ਵਿੱਚੋ ਕਾਫੀ ਮਾਤਰਾ ਵਿੱਚ ਸੈਂਪਲ ਸਬ ਸਟੈਂਡਰਡ ਪਾਏ ਗਏ ਹਨ ਜਿਸ ਦਾ ਕਾਰਨ ਇਹ ਪਦਾਰਥ ਬਣਾਉਣ ਲਈ ਵਰਤੇ ਗਏ ਘਟੀਆ ਰੰਗ ਹਨ, ਇਸ ਤੇ ਕਾਰਵਾਈ ਕਰਦੇ ਹੋਏ ਟੀਮ ਵਲੋਂ ਅੱਜ ਗੁੜ ਦੇ ਪੰਜ , ਸ਼ੱਕਰ ਦੇ ਛੇ ਤੋਂ ਇਲਾਵਾ ਕੰਦੀ ਸਵੀਟ ਸ਼ਾਪ ਤੋਂ ਪਨੀਰ, ਲੱਡੂ ਅਤੇ ਚਮਚਮ ਦੇ ਸੈਂਪਲ ਲੈਕੇ ਅਗਲੇਰੀ ਜਾਂਚ ਲਈ ਫੂਡ ਅਤੇ ਡੱਰਗ ਲੈਬ ਖਰੜ ਨੂੰ ਭੇਜ ਦਿੱਤੇ ਗਏ ਹਨ ਅਤੇ ਰਿਪੋਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਗੁੜ ਸ਼ੱਕਰ ਬਣਾਉਣ ਵਾਲਿਆਂ ਨੂੰ ਘਟੀਆ ਰੰਗਾਂ ਦੀ ਵਰਤੋਂ ਨਾ ਕਰਨ ਅਤੇ ਕੁਆਲਟੀ ਵਿੱਚ ਸੁਧਾਰ ਲਿਆਉਣ ਲਈ ਸਖਤ ਹਦਾਇਤ ਕਰਦੇ ਹੋਏ ਭਵਿੱਖ ਵਿੱਚ ਦੋਬਾਰਾ ਮਿਲਾਵਟ ਪਏ ਜਾਣ ਤੇ ਫੂਡ ਲਾਇਸੈਂਸ ਰੱਦ ਕਰਨ ਦੇ ਨਾਲ ਦੁਕਾਨ ਵੀ ਸੀਲ ਕਰ ਦਿੱਤੀ ਜਾਵੇਗੀ। ਉਨਾਂ ਮੀਡੀਆ ਰਾਹੀਂ ਫੂਡ ਵਿਕਰੇਤਾਂਵਾਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਅਤੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ।

Post a Comment

0 Comments