ਪਿੰਡ ਢੱਕ ਪੰਡੋਰੀ ਵਿਖੇ ਮਨਾਇਆ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ 131ਵਾਂ ਜਨਮ ਦਿਨ


ਫਗਵਾੜਾ 18 ਅਪ੍ਰੈਲ (ਸ਼ਿਵ ਕੋੜਾ) ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਅਤੇ ਡਿਵੈਲਪਮੈਂਟ ਕਲੱਬ ਰਜਿ. ਪਿੰਡ ਢੱਕ ਪੰਡੋਰੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਨਾਰੀ ਜਾਤੀ ਦੇ ਮੁਕਤੀ ਦਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਵਸ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਡਾ. ਐਸ. ਰਾਜਨ ਐਮ.ਡੀ. ਰਾਜਨ ਆਈ ਕੇਅਰ ਫਗਵਾੜਾ ਸ਼ਾਮਲ ਹੋਏ ਜਦਕਿ ਮੁੱਖ ਬੁਲਾਰਿਆਂ ਵਜੋਂ ਸੀਨੀਅਰ ਬਸਪਾ ਆਗੂ ਭਗਵਾਨ ਸਿੰਘ ਚੌਹਾਨ, ਲੋਕ ਇਨਸਾਫ ਪਾਰਟੀ ਆਗੂ ਜਰਨੈਲ ਨੰਗਲ, ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਸੂਬਾ ਪ੍ਰਧਾਨ ਹਰਭਜਨ ਸੁਮਨ, ਸੀਨੀਅਰ ਬਸਪਾ ਆਗੂ ਅਸ਼ੋਕ ਸੰਧੂ, ਸਤਵੰਤ ਟੂਰਾ ਜਿਲ੍ਹਾ ਪ੍ਰਧਾਨ ਐਸ.ਸੀ.ਬੀ.ਸੀ. ਗਜਟਿਡ/ਨਾਨ ਗਜਟਿਡ ਇੰਪਲਾਇਜ ਵੈਲਫੇਅਰ ਫੈਡਰੇਸ਼ਨ, ਮਾਸਟਰ ਗੁਰਮੁਖ ਸਿੰਘ ਲੋਕਪ੍ਰੇਮੀ ਅਤੇ ਸੰਜੀਵ ਭੁੱਲਾਰਾਈ ਮਿਸ਼ਨਰੀ ਲੇਖਕ ਸ਼ਾਮਲ ਹੋਏ। ਡਾ. ਐਸ. ਰਾਜਨ ਨੇ ਨੌਜਵਾਨਾ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਸੇਧ ਲੈ ਕੇ ਉੱਚ ਸਿੱਖਿਆ ਪ੍ਰਾਪਤ ਕਰਦੇ ਹੋਏ ਜਾਤ ਪਾਤ ਤੋਂ ਰਹਿਤ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਆ। ਇਸ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਅਤੇ ਮਿਸ਼ਨ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਕਿਹਾ ਕਿ ਡਾ. ਅੰਬੇਡਕਰ ਦੀ ਸੰਵਿਧਾਨ ਦੇ ਰੂਪ ਵਿਚ ਭਾਰਤ ਨੂੰ ਬਹੁਤ ਵੱਡੀ ਦੇਣ ਹੈ। ਬਾਬਾ ਸਾਹਿਬ ਦੇ ਸੰਘਰਸ਼ ਨਾਲ ਸਦੀਆਂ ਤੋਂ ਦਬੇ-ਕੁਚਲੇ ਅਤੇ ਪਿਛੜੇ ਵਰਗ ਦੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਾਪਤ ਹੋਇਆ। ਉਹਨਾਂ ਸੰਵਿਧਾਨ ਵਿਚ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਅਧਿਕਾਰ ਲੈ ਕੇ ਦਿੱਤੇ ਜਿਸਦੀ ਬਦੌਲਤ ਅੱਜ ਭਾਰਤੀ ਔਰਤਾਂ ਦੇਸ਼ ਦੁਨੀਆ ਹੀ ਨਹੀਂ ਬਲਕਿ ਅਸਮਾਨ ਵਿੱਚ ਵੀ ਉਡਾਰੀਆਂ ਮਾਰ ਰਹੀਆਂ ਹਨ। ਡਾ. ਅੰਬੇਡਕਰ ਵਲੋਂ ਸਮਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਅਧਾਰਤ ਜਿਸ ਸਮਾਜ ਦੀ ਕਲਪਨਾ ਕੀਤੀ ਸੀ ਉਹ ਅੱਜ ਤਕ ਸਥਾਪਤ ਨਹੀਂ ਹੋ ਸਕਿਆ। ਭਗਵਾਨ ਸਿੰਘ ਚੌਹਾਨ ਤੇ ਸਤਵੰਤ ਟੂਰਾ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਅਤੇ ਅਜੋਕੀ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਜੀਵਨ ਅਤੇ ਮਿਸ਼ਨ ਤੋਂ ਸੇਧ ਲੈ ਕੇ ਉਹਨਾਂ ਦੇ ਸਪਨੇ ਨੂੰ ਸਾਕਾਰ ਕਰਨ ਵਿਚ ਆਪਣਾ ਯੋਗਦਾਨ ਪਾਉਣ ਦੀ ਪੁਰਜੋਰ ਅਪੀਲ ਕੀਤੀ। ਇਸ ਮੌਕੇ ਮਿਸ਼ਨਰੀ ਲੇਖਕ ਸੰਜੀਵ ਭੁੱਲਾਰਾਈ ਨੇ ਇਨਕਲਾਬੀ ਕਵਿਤਾਵਾਂ ਰਾਹੀਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਗਮ ਦੌਰਾਨ ਪਰਵਾਜ ਰੰਗ ਮੰਚ ਨਾਟਕ ਮੰਡਲੀ ਫਗਵਾੜਾ ਨੇ ਬਲਵਿੰਦਰ ਪ੍ਰੀਤ ਦੇ ਨਿਰਦੇਸ਼ਨ ਹੇਠ ਬਾਬਾ ਸਾਹਿਬ ਦੇ ਜੀਵਨ ਤੇ ਅਧਾਰਤ ਨਾਟਕ ਅਤੇ ਕੋਰੀਓਗ੍ਰਾਫੀ ਰਾਹੀਂ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਦਾ ਪ੍ਰਭਾਵਸ਼ਾਲੀ ਯਤਨ ਕੀਤਾ ਜਿਸ ਨੂੰ ਹਾਜਰੀਨ ਵਲੋਂ ਬੇਹਦ ਪਸੰਦ ਕੀਤਾ ਗਿਆ। ਸਮਾਗਮ ਦੌਰਾਨ ਸਕੂਲੀ ਬੱਚਿਆਂ ਵਲੋਂ ਬਾਬਾ ਸਾਹਿਬ ਨੂੰ ਸਮਰਪਿਤ ਗੀਤ, ਕਵਿਤਾ ਅਤੇ ਭਾਸ਼ਣ ਪੇਸ਼ ਕੀਤੇ ਗਏ। ਇਸ ਮੌਕੇ ਸਮਾਗਮ ਵਿਚ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ, ਹੋਣਹਾਰ ਨੌਜਵਾਨਾਂ, ਵਿਦਿਆਰਥੀਆਂ ਅਤੇ ਸਮਾਜਿਕ, ਧਾਰਮਿਕ ਖੇਤਰ ਵਿਚ ਵਢਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਅਵਤਾਰ ਕਲੇਰ ਨੇ ਬਾਖੂਬੀ ਨਿਭਾਈ। ਅਖੀਰ ਵਿਚ ਪ੍ਰਬੰਧਕਾਂ ਨੇ ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਭਰੋ ਮਜਾਰਾ ਅਤੇ ਡਾ ਭੀਮ ਰਾਓ ਅੰਬੇਡਕਰ ਐਜੂਕੇਸ਼ਨ ਐਂਡ ਹੈਲਥ ਕਲੱਬ ਰਜਿ. ਸਰਹਾਲ ਕਾਜੀਆਂ  ਤੋਂ ਇਲਾਵਾ ਸਮੂਹ ਹਾਜਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਮ ਮੂਰਤੀ ਲਾਲੀ, ਚੇਅਰਮੈਨ ਵਿਜੇ ਪੰਡੋਰੀ, ਮੇਹਟ ਨਰਿੰਦਰ ਕੌਰ ਮੀਤ ਪ੍ਰਧਾਨ, ਪਰਮਜੀਤ ਰਾਮ, ਦਲਬੀਰ ਸਿੰਘ ਗੱਗੀ, ਅਮਨਦੀਪ, ਰਾਜੂ ਦਾਦਰਾ, ਰੀਤੂ ਰਾਣੀ ਪੰਚਾਇਤ ਮੈਂਬਰ, ਪਰਮਜੀਤ ਕੌਰ, ਵਰਿੰਦਰ ਕੌਰ, ਕਾਂਤਾ ਦੇਵੀ, ਸੁਰਜੀਤ ਕੌਰ, ਧਰਮਪਾਲ ਸੁਨਿਆਰਾ, ਮੇਹਟ ਮਨਜੀਤ ਕੌਰ ਬੇਗਮਪੁਰ, ਅਜੇ ਕੁਮਾਰ, ਭੋਲੀ, ਵਿਨੋਦ ਕੁਮਾਰ, ਸਰਪੰਚ ਸੋਮਨਾਥ ਕ੍ਰਿਪਾਲਪੁਰ ਕਲੋਨੀ, ਰਾਜੇਸ਼ ਕੁਮਾਰ, ਸਾਹਿਲ ਕੁਮਾਰ, ਰਾਹੁਲ ਕੁਮਾਰ, ਸੁਨੀਲ ਕੁਮਾਰ, ਹਰਪ੍ਰੀਤ ਹੈਪੀ, ਸਰਬਜੀਤ ਰਾਮ, ਮਨਜੀਤ ਕੌਰ, ਮਨੋਹਰ ਲਾਲ, ਰਾਜ ਰਾਣੀ, ਚੂਹੜ ਸਿੰਘ ਨੰਗਲ, ਹਰਜਿੰਦਰ ਕੌਰ, ਮੋਹਨ ਲਾਲ, ਸੁਰਿੰਦਰ ਕੁਮਾਰ, ਦੇਸਰਾਜ, ਲਖਬੀਰ ਸਿੰਘ, ਬਲਵਿੰਦਰ ਕੁਮਾਰ, ਚਰਨਜੀਤ ਚਹੇੜੂ, ਸ਼ਸ਼ੀ ਬੰਗੜ, ਮਾਸਟਰ ਮਨੋਹਰ ਲਾਲ, ਰਣਜੀਤ ਕੁਮਾਰ, ਸਰਬਜੀਤ ਰਾਮ, ਅਮੀਰ ਕੁਮਾਰ, ਸੁਖਵਿੰਦਰ ਕੌਰ, ਬਲਵੀਰ ਕੌਰ ਬੀਰੋ, ਬੋਬੀ ਦਾਦਰਾ, ਰਣਜੀਤ ਮੈਂਬੋ, ਸਨੀ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।


Post a Comment

0 Comments