ਫਗਵਾੜਾ 19 ਅਪ੍ਰੈਲ (ਸ਼ਿਵਕੋੜਾ)- ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਸ਼ਹਿਰ ਦੇ ਵਾਰਡ ਨੰਬਰ 2 ਮੁਹੱਲਾ ਜਗਤਪੁਰਾ ਪਲਾਹੀ ਰੋਡ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪੰਰਤ ਵਾਰਡ ਇੰਚਾਰਜ ਨਰੇਸ਼ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਇਕ ਮੀਟਿੰਗ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਮੁਹੱਲੇ ਦੇ ਵਸਨੀਕਾਂ ਨੇ ਜੋਗਿੰਦਰ ਸਿੰਘ ਮਾਨ ਨੂੰ ਵਿਕਾਸ ਨਾਲ ਸਬੰਧਤ ਮੁਸ਼ਕਲਾਂ ਬਾਰੇ ਦੱਸਿਆ ਅਤੇ ਵਾਰਡ ਦਾ ਸਮੁੱਚਾ ਵਿਕਾਸ ਕਰਵਾਉਣ ਦੀ ਮੰਗ ਕੀਤੀ।ਨਰੇਸ਼ ਸ਼ਰਮਾ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਮੁਹੱਲਾ ਜਗਤਪੁਰਾ ਦੇ ਵਿਕਾਸ ਨੂੰ ਅਣਗੋਲਿਆਂ ਕੀਤਾ ਜਿਸ ਕਰਕੇ ਲੋਕਾਂ ਨੂੰ ਬੜੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ। ਉਹਨਾਂ ਕਿਹਾ ਕਿ ਮੁਹੱਲਾ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਬੜੀਆਂ ਉਮੀਦਾਂ ਨਾਲ ਵੋਟਾਂ ਪਾਈਆਂ ਹਨ ਤੇ ਹੁਣ ਪਾਰਟੀ ਦਾ ਫਰਜ਼ ਹੈ ਕਿ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਜਾਵੇ। ਜਿਸ ਤੇ ਜੋਗਿੰਦਰ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਜਗਤਪੁਰਾ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੁਹੱਲੇ ਦੇ ਵਿਕਾਸ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ ਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਇਸੇ ਸਾਲ ਕਾਰਪੋਰੇਸ਼ਨ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ। ਕਾਰਪੋਰੇਸ਼ਨ ਚੋਣਾਂ ਤੋਂ ਬਾਅਦ ਫਗਵਾੜਾ ਨਗਰ ਨਿਗਮ ‘ਚ ਆਪ ਪਾਰਟੀ ਦੀ ਵਜਾਰਤ ਬਣੇਗੀ ਜਿਸ ਤੋਂ ਬਾਅਦ ਜਗਤਪੁਰਾ ਇਲਾਕੇ ਦਾ ਸੰਪੂਰਣ ਵਿਕਾਸ ਯਕੀਨੀ ਬਣਾਇਆ ਜਾਵੇਗਾ ਅਤੇ ਇੱਥੋਂ ਦੇ ਲੋਕਾਂ ਨੂੰ ਸਾਰੀਆਂ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਸੀਨੀਅਰ ਆਪ ਆਗੂ ਹਰਮੇਸ਼ ਪਾਠਕ, ਦਲਜੀਤ ਸਿੰਘ ਰਾਜੂ, ਪਿ੍ਰਤਪਾਲ ਕੌਰ ਤੁਲੀ, ਸਤਨਾਮ ਸਿੰਘ ਪ੍ਰਧਾਨ, ਪਰਵੀਨ ਕੁਮਾਰ, ਦਰਸ਼ਨਾ ਰਾਣੀ, ਰੁਪਿੰਦਰ ਕੌਰ, ਅਵਤਾਰ ਸਿੰਘ ਸਰਪੰਚ ਪੰਡਵਾ, ਸ਼ੀਤਲ ਪਲਾਹੀ, ਵਿਜੇ ਬਸੰਤ ਨਗਰ, ਵਿਸ਼ਾਲ ਵਾਲੀਆ, ਵਰੁਣ ਬੰਗੜ ਚੱਕ ਹਕੀਮ, ਸੌਰਵ ਹਾਂਡਾ, ਪਰਮਜੀਤ ਕੁਮਾਰ, ਨਵਜੋਤ ਸਿੰਘ, ਮਨਜੋਤ ਸਿੰਘ ਆਦਿ ਹਾਜਰ ਸਨ।
0 Comments