ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਆਦਮਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਕਾਲਰਾ ਵਿਖੇ ਭਾਈ ਰੇਸ਼ਮ ਸਿੰਘ ਕੈਲੀਫੋਰਨੀਆ ਵਲੋਂ ਭਾਈ ਪਰਮਜੀਤ ਸਿੰਘ ਅਤੇ ਭਾਈ ਬਾਜ ਸਿੰਘ ਦੀ ਯਾਦ ਵਿਚ ਪਿੰਡ ਦੇ ਗੁਰਦੁਆਰਾ ਜੋਗੀਆਣਾ ਸਾਹਿਬ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਉਚੇਚੇ ਤੋਰ ਤੇ ਪੁੱਜੇ। ਇਸ ਸਮਾਗਮ ਦੌਰਾਨ ਸ਼੍ਰੀ ਆਖੰਡ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਕਥਾ ਵਾਚਕ ਭਾਈ ਦਿਲਬਾਗ ਸਿੰਘ ਬਲ੍ਹੇਰ ਤਰਨ ਤਾਰਨ ਵਾਲਿਆਂ ਨੇ ਸਿੱਖ ਇਤਿਹਾਸ ਦੇ ਸ਼ਹੀਦਾਂ ਦੀ ਬਾਤ ਸੰਗਤਾਂ ਨਾਲ ਸਾਂਝੀ ਕਰਦਿਆਂ ਪਰਿਵਾਰ ਦੇ ਬਜ਼ੁਰਗ ਭਾਈ ਧਰਮ ਸਿੰਘ ਵਲੋਂ ਹਮੇਸ਼ਾਂ ਸਿੱਖ ਪੰਥ ਦੀ ਸੇਵਾ ਲਈ ਹਰ ਮੌਕੇ ਆਪਣੇ ਪੁੱਤਰਾਂ ਨੂੰ ਤਤਪਰ ਰਹਿਣ ਦੀ ਗੁੜਤੀ ਦਿਤੀ ਜੋ ਸਾਡੇ ਲਈ ਇਕ ਮਿਸਾਲ ਹੈ। ਇਸ ਸਮਾਗਮ ਨੂੰ ਭਾਈ ਨਾਰਾਇਣ ਸਿੰਘ ਚੋੜਾ ਅਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਭਾਈ ਪਰਮਜੀਤ ਸਿੰਘ ਸਿਆਟਲ ਅਤੇ ਭਾਈ ਬਾਜ ਸਿੰਘ ਸਾਬਕਾ ਸਰਪੰਚ ਕਾਲਰਾ ਵਲੋਂ ਕੌਮ ਦੀ ਸੇਵਾ ਦੇ ਵਿਚ ਆਪਣਾ ਬਣਦਾ ਯੋਗਦਾਨ ਪਾ ਇਸ ਸੰਸਾਰ ਤੋਂ ਜਾਣਾ ਸਾਡੇ ਲਈ ਇਕ ਮਾਰਗ ਦਰਸ਼ਨ ਹੈ। ਸੁਖਜੀਤ ਸਿੰਘ ਬਿੱਟੂ ਜ਼ਿਲਾ ਦਿਹਾਤੀ ਪ੍ਰਧਾਨ ਨੇ ਵੀ ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਛੜਿਆਂ ਰੂਹਾਂ ਵਲੋਂ ਪੰਥ ਦੀ ਸੇਵਾ ਦੇ ਨਾਲ ਨਾਲ ਪਿੰਡ ਅਤੇ ਸਮਾਜਿਕ ਸੇਵਾਵਾਂ ਵਿਚ ਪਾਏ ਜਾਂਦੇ ਯੋਗਦਾਨ ਲਈ ਹਮੇਸ਼ਾਂ ਉਹਨਾਂ ਨੂੰ ਯਾਦ ਰਖਿਆ ਜਾਵੇਗਾ। ਸਟੇਜ ਸਕੱਤਰ ਦੀ ਸੇਵਾ ਪ੍ਰੋ. ਹਰਬੰਸ ਸਿੰਘ ਨੇ ਨਿਭਾਈ। ਸਮਾਗਮ ਦੇ ਪ੍ਰਬੰਧਕ ਭਾਈ ਰੇਸ਼ਮ ਸਿੰਘ ਕੈਲੀਫੋਰਨੀਆ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਪੰਥ ਦੀ ਸੇਵਾ ਲਈ ਵਡੀਆਂ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਨੂੰ ਵਿਸ਼ੇਸ਼ ਤੋਰ ਤੇ ਸਮਮਾਨਿਤ ਕੀਤਾ। ਇਸ ਮੌਕੇ ਭਾਈ ਬਹਾਦਰ ਸਿੰਘ, ਭਾਈ ਮਲਕੀਤ ਸਿੰਘ, ਭਾਈ ਦਯਾ ਸਿੰਘ ਲਾਹੌਰੀਆ, ਗੁਰਨਾਮ ਸਿੰਘ ਸਿੰਗੜੀਵਾਲ, ਜਸਲੀਨ ਸਿੰਘ ਸਖੀਰਾ, ਗੁਰਸ਼ਰਨ ਸਿੰਘ ਸੰਧੂ, ਹਰਭਜਨ ਸਿੰਘ ਕਸ਼ਮੀਰੀ, ਚਰਨਜੀਤ ਸਿੰਘ ਬਹਾਨੀ, ਵਾਸਦੇਵ ਸਿੰਘ, ਜਸਪ੍ਰੀਤ ਸਿੰਘ, ਮਨਿੰਦਰ ਸਿੰਘ, ਤਰਨਜੋਤ ਕੌਰ ਅਤੇ ਹੋਰ ਹਾਜ਼ਰ ਸਨ।
0 Comments