ਫਗਵਾੜਾ 2 ਦਸੰਬਰ (ਸ਼ਿਵ ਕੋੜਾ)- ਨਗਰ ਨਿਗਮ ਫਗਵਾੜਾ ਦੀ ਹੱਦ ‘ਚ ਸੜਕਾਂ ਉੱਪਰ ਸਮਾਨ ਰੱਖ ਕੇ ਨਜਾਇਜ਼ ਕਬਜੇ ਕਰਨ ਦੀ ਕਿਸੇ ਨੂੰ ਇਜਾਜਤ ਨਹੀਂ ਦਿੱਤੀ ਜਾਵੇਗੀ। ਇਹ ਗੱਲ ਡਾ. ਨਯਨ ਜੱਸਲ ਕਮ ਕਮਿਸ਼ਨਰ ਨਗਰ ਨਿਗਮ ਫਗਵਾੜਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਹੀ। ਉਹਨਾਂ ਕਿਹਾ ਕਿ ਟਰੈਫਿਕ ‘ਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਾਉਣ ਦੀ ਜਿੰਮੇਵਾਰੀ ਸਮੂਹ ਦੁਕਾਨਦਾਰਾਂ ਨੂੰ ਸਮਝਣੀ ਚਾਹੀਦੀ ਹੈ ਤਾਂ ਜੋ ਕਿ ਆਮ ਲੋਕਾਂ ਤੇ ਵਾਹਨ ਚਾਲਕ ਨੂੰ ਪਰੇਸ਼ਾਨ ਨਾ ਹੋਣਾ ਪਵੇ। ਉਹਨਾਂ ਸ਼ਹਿਰ ਦੀ ਹੱਦ ਦੇ ਅੰਦਰ ਸਮੂਹ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਹਦਾਇਤ ਕੀਤੀ ਕਿ ਆਪਣਾ ਕੋਈ ਵੀ ਸਮਾਨ ਬਾਹਰ ਨਜਾਇਜ ਤੌਰ ਤੇ ਨਾ ਰੱਖਿਆ ਜਾਵੇ ਕਿਉਂਕਿ ਨਗਰ ਨਿਗਮ ਫਗਵਾੜਾ ਦਾ ਅਮਲਾ ਜਲਦੀ ਹੀ ਸ਼ਹਿਰ ਦੇ ਸਾਰੇ ਬਾਜਾਰਾਂ ਅਤੇ ਮੁੱਖ ਸੜਕਾਂ ਦਾ ਮੁਆਇਨਾ ਕਰੇਗਾ। ਜੇਕਰ ਹੁਕਮ ਦੀ ਉਲੰਘਰਣਾ ਕਰਨ ਦਾ ਕੋਈ ਮਾਮਲਾ ਨਜ਼ਰ ਆਇਆ ਤਾਂ ਸਬੰਧਤ ਦੁਕਾਨਦਾਰ ਨੂੰ ਜੁਰਮਾਨਾ ਲਗਾਇਆ ਜਾਵੇਗਾ ਅਤੇ ਜੁਰਮਾਨੇ ਦਾ ਭੁਗਤਾਨ ਨਾ ਕਰਨ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
0 Comments