ਡਿਪਟੀ ਕਮਿਸ਼ਨਰ ਵਲੋਂ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ, ਸਿਹਤ ਸੇਵਾਵਾਂ ਤੇ ਇਲਾਜ ਪ੍ਰਬੰਧਾਂ ਦਾ ਲਿਆ ਜਾਇਜ਼ਾ
ਵੱਖ-ਵੱਖ ਵਾਰਡਾਂ, ਯੂਨਿਟਾਂ ਅਤੇ ਸੈਂਟਰਾਂ ’ਚ ਜਾ ਕੇ ਮਰੀਜ਼ਾਂ, ਸਟਾਫ਼ ਅਤੇ ਡਾਕਟਰਾਂ ਨਾਲ ਕੀਤੀ ਗੱਲਬਾਤ
ਜਲੰਧਰ 2 ਦਸੰਬਰ (ਅਮਰਜੀਤ ਸਿੰਘ)- : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸ਼ੁੱਕਰਵਾਰ ਸਵੇਰੇ ਸਥਾਨਕ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕਰਦਿਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਬੁਨਿਆਦੀ ਢਾਂਚੇ ਦੀ ਵੀ ਸਮੀਖਿਆ ਕੀਤੀ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸਿਵਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ, ਇਲਾਜ ਕਰਵਾਉਣ ਆਏ ਲੋਕਾਂ, ਡਾਕਟਰਾਂ ਅਤੇ ਸਟਾਫ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਤੋਂ ਸੁਝਾਅ ਮੰਗੇ ਤਾਂ ਜੋ ਮੌਜੂਦਾ ਸਿਸਟਮ ਨੂੰ ਲੋੜ ਅਨੁਸਾਰ ਹੋਰ ਬਿਹਤਰ ਬਣਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦਾ ਫਾਇਦਾ ਪਹੁੰਚਾਇਆ ਜਾ ਸਕੇ। ਸਿਵਲ ਸਰਜਨ ਡਾ.ਰਮਨ ਸ਼ਰਮਾ ਅਤੇ ਮੈਡੀਕਲ ਸੁਪਰਡੰਟ ਡਾ.ਰਾਜੀਵ ਸ਼ਰਮਾ ਸਮੇਤ ਡਿਪਟੀ ਕਮਿਸ਼ਨਰ ਨੇ 24X7 ਜਾਂਚ ਸੈਂਟਰ, ਐਮਰਜੰਸੀ ਵਾਰਡ, ਬਲੱਡ ਬੈਂਕ, ਜੱਚਾ-ਬੱਚਾ ਵਾਰਡ, ਐਸ.ਐਨ.ਸੀ.ਯੂ. ਵਾਰਡ, ਟਰੌਮਾ ਸੈਂਟਰ, ਫਿਜੀਊਥਰੈਪੀ ਸੈਂਟਰ ਵਿਖੇ ਜਾ ਕੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਕੀਤੀ। ਡਾ. ਰਮਨ ਸ਼ਰਮਾ ਨੇ ਡਿਪਟੀ ਕਮਿਸ਼ਨਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਬਣਨ ਵਾਲੇ ਪ੍ਰਸਤਾਵਿਤ ਸੀ.ਸੀ.ਸੀ. ਦੀ ਮੌਜੂਦਾ ਪ੍ਰਕਿਰਿਆ ਤੋਂ ਵੀ ਜਾਣੂੰ ਕਰਵਾਇਆ ਗਿਆ।
ਸਿਵਲ ਹਸਪਤਾਲ ਵਿਖੇ ਸੁਚੱਜੇ ਢੰਗ ਨਾਲ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਸਾਫ਼-ਸਫ਼ਾਈ ਦੇ ਵਧੀਆ ਪ੍ਰਬੰਧ ਲਈ ਡਾਕਟਰਾਂ ਅਤੇ ਸਟਾਫ਼ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ 470 ਬੈਡਾਂ ਦੀ ਸਮਰੱਥਾ ਵਾਲੇ ਇਸ ਸਰਕਾਰੀ ਹਸਪਤਾਲ ਵਿੱਚ ਲੋਕਾਂ ਦੀ ਸਹੂਲਤ ਲਈ ਲਗਭਗ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਅਤੇ ਟੈਸਟਿੰਗ ਉਪਲਬੱਧ ਹੈ। ਮੈਡੀਕਲ ਸੁਪਰਡੰਟ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਹਸਪਤਾਲ ਵਿੱਚ ਡਾਇਲਸਿਸ, 24X7 ਜੱਚਾ-ਬੱਚਾ ਵਾਰਡ, ਟਰੌਮਾ ਸੈਂਟਰ, ਛੋਟੇ-ਵੱਡੇ ਅਪਰੇਸ਼ਨਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਸਿਵਲ ਹਸਪਾਤਲ ਦੇ ਵੱਖ-ਵੱਖ ਹਿੱਸਿਆਂ ਦਾ ਚੱਕਰ ਲਗਾਉਣ ਉਪਰੰਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੁੁੂੰ ਨਿਰਦੇਸ਼ ਦਿੱਤੇ ਕਿ ਹਸਪਤਾਲ ਦੇ ਅੰਦਰ ਆਉਂਦੇ ਰਾਹ ਦੀ ਤੁਰੰਤ ਲੋੜੀਂਦੀ ਮੁਰੰਮਤ ਤੋਂ ਇਲਾਵਾ ਬਾਕੀ ਰਹਿੰਦੇ ਕਾਰਜਾਂ ਨੂੰ ਤਰਜੀਹ ਦੇ ਅਧਾਰ ’ਤੇ ਮੁਕੰਮਲ ਕੀਤਾ ਜਾਵੇ।
ਬਲੱਡ ਬੈਂਕ, ਥੈਲੇਸੀਮੀਆਂ ਵਾਰਡ ਅਤੇ ਲੈਬਾਰਟਰੀ ਵਿਖੇ ਡਿਪਟੀ ਕਮਿਸ਼ਨਰ ਨੇ ਸਟਾਫ਼ ਅਤੇ ਆਮ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਹੋਰ ਬਿਹਤਰ ਸੇਵਾਵਾਂ ਲਈ ਸੁਝਾਅ ਵੀ ਲਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲਦ ਹੀ ਜਨ ਔਸ਼ਧੀ ਕੇਂਦਰ ਮੁੜ ਸ਼ੁਰੂ ਹੋਵੇਗਾ ਤਾਂ ਜੋ ਲੋਕਾਂ ਨੂੰ ਜੈਨਰਿਕ ਦਵਾਈਆਂ ਉਪਲਬੱਧ ਕਰਵਾਈਆਂ ਜਾ ਸਕਣ। ਇਸ ਮੌਕੇ ਸੀਨੀਅਰ ਮੈਡੀਕਲ ਅਧਿਕਾਰੀ ਡਾ.ਸੁਰਜੀਤ ਸਿੰਘ, ਡਾ.ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
0 Comments