ਪੰਜਾਬੀ ਸਾਹਿਤ ਦਾ ਆਲਮੀ ਸ਼ਫੀਰ : ਸੁੱਖੀ ਬਾਠ



ਵਿਸ਼ਵ ਭਰ ਵਿਚ ਪੰਜਾਬੀ ਮਾਂ ਬੋਲੀ
, ਸਾਹਿਤ ਅਤੇ ਸਮਾਜ ਦੀ ਸੇਵਾ ਵਿਚ ਤੰਨਦੇਹੀ ਅਤੇ ਸਮਰਪਣ ਨਾਲ ਕਾਰਜਸੀਲ ਪੰਜਾਂ ਪਾਣੀਆਂ ਦੇ ਦਾਨਵੀਰ ਪੁੱਤਰਾਂ ਵਿਚ ਸੁੱਖੀ ਬਾਠ ਦਾ ਨਾਮ ਇਕ ਨਿਵੇਕਲੀ ਪਹਿਚਾਣ ਰੱਖਦਾ ਹੈ। ਦੁਆਬੇ ਦੇ ਨਿੱਕੇ ਜਹੇ ਪਿੰਡ ਹਰਦੋਵਾਲ ਫਰਾਲਾ ਦੇ ਵਸਨੀਕ ਦਾਨਵੀਰ ਅਤੇ ਦਾਨਿਸ਼ਵੀਰ ਪੁੱਤਰ ਸੁੱਖੀ ਬਾਠ ਨੇ ਕਨੇਡਾ ਵਿਚ ਕਾਰੋਬਾਰੀ ਬੁਲੰਦੀਆਂ ਦੇ ਪਹੁੰਚਣ ਦੇ ਨਾਲ ਨਾਲ ਪੰਜਾਬੀ ਭਾਈਚਾਰੇ ਲਈ ਜੋ ਉਪਰਾਲੇ ਕੀਤੇ ਹਨ, ਉਹਨਾਂ ਦਾ ਕੋਈ ਸਾਨੀ ਨਹੀਂ। ਪਰਵਾਸੀ ਧਰਤੀਆਂ ਤੇ ਰਹਿੰਦਿਆਂ ਪੰਜਾਬੀ ਸਾਹਿਤ ਅਤੇ ਮਾਤ ਭਾਸ਼ਾ ਦੀ ਮਹੱਤਤਾ ਨੂੰ ਸਮਝਦੇ ਹੋਏ ਉਹਨਾਂ ਨੇ ਕਨੇਡਾ ਦੇ ਸ਼ਹਿਰ ਸਰੀ ਵਿਚ 2016 ਵਿਚ ਪੰਜਾਬ ਭਵਨ ਸਰੀ ਦੀ ਸਥਾਪਨਾ ਕੀਤੀ ਸੀ। ਪੰਜਾਬ ਭਵਨ ਦੀ ਸਥਾਪਨਾ ਅਦਬੀ ਲੋਕਾਂ ਲਈ ਸਾਹਿਤਕ ਮੱਕੇ ਵਰਗੇ ਅਸਥਾਨ ਦੀ ਉਸਾਰੀ ਹੋ ਨਿਬੜੀ ਹੈ। ਹਰ ਸਾਲ ਪੂਰੇ ਵਿਸ਼ਵ ਵਿੱਚੋਂ ਕਲਾਕਾਰਾਂ, ਕਲਮਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਹੁੰਦਾ, ਇਸ ਦੀ ਸਥਾਪਨਾ ਨੂੰ ਸਮਰਪਿਤ ਸਾਲਾਨਾ ਸਮਾਗਮ ਵੀ ਆਪਣੇ ਆਪ ਵਿਚ ਗਲੋਬਲੀ ਪੰਜਾਬ ਦੇ ਸੰਕਲਪ ਨੂੰ ਦਿਸ਼ਾ ਦੇਣ ਵਾਲਾ ਇਕ ਵਿਲੱਖਣ ਉੱਦਮ ਹੈ।
ਕਨੇਡਾ ਵਿੱਚ ਸੁੱਖੀ ਬਾਠ ਜੀ ਨਾਲੋਂ ਵੀ ਵੱਡੇ ਘਰਾਂ ਵਾਲੇ, ਵੱਡੇ ਕਾਰੋਬਾਰਾਂ ਵਾਲੇ, ਵੱਡੀਆਂ ਕਾਰਾਂ ਵਾਲੇ, ਖੇਤਾਂ/ਖਾਤਿਆਂ ਵਾਲੇ ਪੰਜਾਬੀ ਹਨ, ਪਰ ਸੁੱਖੀ ਬਾਠ ਵਰਗਾ ਵੱਡਾ ਦਿਲ ਹੋਣਾ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ। ਕਨੇਡਾ ਵਿਚ ਆਰਥਿਕ ਤੌਰ ਤੇ ਇਕ ਮਾਣ ਕਰਨ ਯੋਗ ਮੁਕਾਮ ਤੇ ਪਹੁੰਚ ਕੇ ਵੀ ਉਸ ਦਾ ਦਿਲ ਗਰੀਬ ਬੱਚਿਆਂ ਅਤੇ ਲੋੜਵੰਦ ਲੋਕਾਂ ਲਈ ਧੜਕਦਾ ਹੈ। ਜੋ ਸੇਵਾ ਭਾਵਨਾ ਉਹਨਾਂ ਦੇ ਬੱਚਿਆਂ ਦੀ ਪੰਜਾਬ ਭਵਨ ਸਮਾਗਮ ਦੇ ਦੌਰਾਨ ਅਸੀਂ ਵੇਖ ਕੇ ਆਏ ਹਾਂ, ਇਹ ਨਿਮਰਤਾ ਅਤੇ ਮਹਿਮਾਨ ਨਿਵਾਜੀ ਦਾ ਸਿਖਰ ਕਿਹਾ ਜਾ ਸਕਦਾ ਹੈ। ਸੁੱਖੀ ਬਾਠ ਹੁਰਾਂ ਨਾਲ ਪਈ ਪਿਆਰ ਦੀ ਪੀਡੀ ਸਾਂਝ ਉਹਨਾਂ ਦੇ ਰੌਸ਼ਨ ਸੋਚ, ਨਿਮਰ ਹਿਰਦੇ ਅਤੇ ਵਿਵਹਾਰ ਦੀ ਅਲੱਗਤਾ ਕਾਰਨ ਹੁਣ ਤੱਕ ਮਿਲੇ ਅਦਬੀ ਮਿੱਤਰਾਂ ਵਿੱਚੋਂ ਸਭ ਤੋਂ ਪਿਆਰੀ ਅਤੇ ਨਿਆਰੀ ਹੈ। ਉਹ ਵੀ ਸਾਡੇ ਵਾਂਗ “ਜਿੱਤ ਵੇਖਾਂ ਤਿਤ ਯਾਰੋ ਯਾਰ” ਦੇ ਸਹਿਜਵਰਤੀ ਨਜ਼ਰੀਏ ਨਾਲ ਪੂਰੇ ਵਿਸ਼ਵ ਨੂੰ ਕਲਾਵੇ ਵਿਚ ਲੈਣ ਲਈ ਤੱਤਪਰ ਹੈ। ਪਿਆਰ ਦੇ ਦੋ ਅਲਫਾਜ਼ ਤੇ ਬੁੱਲ੍ਹਾਂ ਤੇ ਮਹਿਕਦੀ ਹੋਈ ਮੁਸਕਾਨ ਹੀ ਸੁੱਖੀ ਬਾਠ ਲਈ ਦੋਸਤੀ ਦੀ ਬੁਨਿਆਦ ਹੈ। ਯਾਰੀਆਂ ਲਈ ਜਹਿਮਤਾਂ ਉਠਾਉਣ ਖਾਤਰ ਉਹ ਕਿਸੇ ਵੀ ਪੱਧਰ ਤੱਕ ਕੁਰਬਾਨੀ ਦੇਣ ਦੀ ਤੌਫੀਕ ਰੱਖਦਾ ਹੈ। ਉਸ ਦੇ ਚਿਹਰੇ ਤੇ ਕਦੀ ਵੀ ਉਦਾਸੀ ਦੀ ਸ਼ਿਕਨ ਅਤੇ ਨਜ਼ਰੀਏ ਵਿੱਚ ਕਦੇ ਵੀ ਨਜ਼ਰ ਅੰਦਾਜਗੀ ਨਜ਼ਰ ਨਹੀਂ ਆਈ। ਉਸ ਦੇ ਸਲੀਕੇ ਵਿਚ ਲੋਹੜੇ ਦੀ ਮੁਹੱਬਤ ਹੈ। ਉਹ ਆਪਣੇ ਦਰਿਆ ਵਰਗੇ ਵੇਗ ਨਾਲ ਰੋਸਿਆਂ ਦੀ ਕਾਹੀ, ਨਾਰਾਜ਼ਗੀ ਦੇ ਘਰੌਂਦਿਆਂ ਅਤੇ ਵਿਰੋਧਤਾਵਾਂ ਦੇ ਬਰੇਤਿਆਂ ਨੂੰ ਵਹਾ ਕੇ ਲੈ ਜਾਣ ਦੇ ਸਮਰੱਥ ਹੈ। ਇਹ ਵੀ ਤਾਂ ਉਸ ਦੀ ਅਜੇਤੂ ਜੀਵਨ ਸੈਲੀ ਦੀ ਅਦਾ ਹੀ ਹੈ ਕਿ ਉਸ ਨੇ ਕਿਸੇ ਨੂੰ ਕਦੀ ਆਪਣੇ ਮੁਕਾਬਲੇ ਵਿਚ ਹੀ ਨਹੀਂ ਸਮਝਿਆ। ਉਹ ਆਪਣੀਆਂ ਰਾਹਾਂ ਦਾ ਆਪ ਹੀ ਇਕਲੌਤਾ ਪ੍ਰਤੀਯੋਗੀ ਹੈ। ਹਰ ਕਾਰਜ਼ ਲਈ ਉਸ ਦੀ ਪੇਸ਼ਾਵਰ ਪਹੁੰਚ ਅਤੇ ਯੋਜਨਾਬੱਧ ਵਿਉਂਤਬੰਦੀ ਤਾਰੀਫ ਦੇ ਕਾਬਲ ਹੁੰਦੀ ਹੈ। ਸੁੱਖੀ ਬਾਠ ਵਰਗੇ ਮਿੱਤਰਾਂ ਦੀ ਹਾਜ਼ਰੀ ਅਤੇ ਹੱਲਾਸ਼ੇਰੀ ਸਾਡੇ ਵਰਗੇ ਮੁੱਠੀ ਭਰ ਜੁਗਨੂੰਆਂ ਦੇ ਮਨੋਬਲ, ਗਤੀਸੀਲਤਾ ਅਤੇ ਅਕੀਦਿਆਂ ਨੂੰ ਸਦੀਵੀ ਊਰਜਾ ਦੇਣ ਵਾਲੀ ਹੈ। ਸਾਡੀ ਪਿੱਠ ਤੇ ਖੜੇ ਪਿਓ ਵਰਗੇ ਮਿੱਤਰ, ਸਾਡੇ ਰਸਤਿਆਂ ਵਿਚ ਜਗਦੇ ਚਿਰਾਗ ਅਤੇ ਸਾਡੇ ਅੰਗ ਸੰਗ ਦੁਆਵਾਂ ਵਾਂਗ ਰਹਿਣ ਵਾਲੇ ਸੁੱਖੀ ਬਾਠ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਜੁੱਗ ਜੁੱਗ ਜੀਓ !
ਸਰਬਜੀਤ ਸੋਹੀ, ਆਸਟਰੇਲੀਆ    

Post a Comment

0 Comments