ਇਟਲੀ 'ਚ ਬਾਬੂ ਮੰਗੂ ਰਾਮ ਮੁਗੋਵਾਲੀਆ ਤੇ ਬਸਪਾ ਸੁਪਰੀਮੋ ਮਾਇਆਵਤੀ ਦਾ ਜਨਮ ਦਿਨ ਮਨਾਇਆ


ਭਗਵਾਨ ਸਿੰਘ ਚੌਹਾਨ ਮੁੱਖ ਮਹਿਮਾਨ ਸ਼ਾਮਲ ਹੋਏ

ਹੁਸ਼ਿਆਰਪੁਰ (ਓ.ਪੀ ਰਾਣਾ)- ਇਟਲੀ ਦੇ ਲੌਂਬਾਰਦਿਆ ਇਲਾਕੇ ਦੇ ਕਰਮੋਨਾ ਪ੍ਰੋਵਿੰਸ ਸ਼ਹਿਰ ਵਿਚ  ਬਾਬੂ ਮੰਗੂ ਰਾਮ ਮੁੰਗੋਵਾਲੀਆ ਅਤੇ ਬਸਪਾ ਸੁਪਰੀਮੋ ਮਾਇਆਵਤੀ ਦਾ ਜਨਮ ਦਿਨ ਭੁਟੋ ਕੁਮਾਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ, ਇਸ ਸਮਾਗਮ ਵਿਚ ਬਸਪਾ ਪੰਜਾਬ ਦੇ ਸੀਨੀਅਰ ਆਗੂ ਭਗਵਾਨ ਸਿੰਘ ਚੌਹਾਨ ਮੁੱਖ ਮਹਿਮਾਨ ਸ਼ਾਮਲ ਹੋਏ।  ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਬਾਬੂ ਮੰਗੂ ਰਾਮ ਮੁਗੋਵਾਲੀਆ ਦਾ ਜਨਮ 136 ਸਾਲ ਪਹਿਲਾਂ 1886 ਵਿਚ ਹੋਇਆ। ਬਾਬੂ ਮੰਗੂ ਰਾਮ ਨੇ ਅਛੂਤਾਂ, ਪੱਛੜਿਆਂ ਦੇ ਮਾਨਵੀ ਅਧਿਕਾਰਾਂ ਲਈ ਜੀਵਨ ਭਰ ਸੰਘਰਸ਼ ਕੀਤਾ ਅਤੇ ਪੜਾਈ,ਜਮੀਨ ਖ੍ਰੀਦਣ,ਫੌਜ ਵਿਚ ਭਰਤੀ ਹੋਣ ਤੇ ਵੋਟ ਦਾ ਅਧਿਕਾਰ ਲੈ ਕੇ ਦਿੱਤਾ। ਜਿਸਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਕਨੂੰਨ ਬਣਾ ਕੇ ਭਾਰਤੀ ਸੰਵਿਧਾਨ ਵਿੱਚ ਦਰਜ ਕੀਤਾ। ਉਨਾਂ ਕਿਹਾ ਬਾਬੂ ਮੰਗੂ ਰਾਮ ਨੇ ਬਰਤਾਨੀਆਂ ਸਰਕਾਰ ਵਲੋਂ ਧਰਮ ਦੇ ਅਧਾਰ ਤੇ ਮਿਲਦੇ ਹੱਕਾਂ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ 1925 ਵਿਚ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ, ਜੋਕਿ ਕਿ ਅਛੂਤਾਂ ਦੇ ਹੱਕਾਂ ਅਧਿਕਾਰਾਂ ਲਈ ਸੰਘਰਸ਼ਮਈ ਸੰਗਠਨ ਸੀ। ਆਦਿ ਧਰਮ ਮੰਡਲ ਦਾ ਸੰਘਰਸ਼ ਇੰਨਾ ਤਿੱਖਾ ਸੀ ਕਿ ਬਰਤਾਨੀਆਂ ਸਰਕਾਰ ਨੇ 1931 ਦੀ ਮਰਦਸ਼ੁਮਾਰੀ ਵਿਚ ਆਦਿ-ਧਰਮੀਆਂ ਦੀ ਗਿਣਤੀ ਲਈ ਆਦਿ ਧਰਮ   ਕਾਲਮ ਦਰਜ ਕੀਤਾ ਸੀ। ਆਦਿ ਧਰਮ ਮੰਡਲ ਦਾ ਬਹੁ-ਚਰਚਿਤ ਅਖਬਾਰ ਆਦਿ-ਡੰਕਾ ਸੀ। 18 ਅਗਸਤ 1932 ਨੂੰ ਬਰਤਾਨੀਆਂ ਸਰਕਾਰ ਨੇ ਕਮਿਊਨਿਲ਼ ਅਵਾਰਡ ਘੋਸ਼ਿਤ ਕੀਤਾ, ਜਿਸ ਤਹਿਤ ਅਛੂਤਾਂ ਨੂੰ ਦੋ ਵੋਟਾਂ ਅਤੇ ਵੱਖਰੇ ਚੋਣ ਖੇਤਰ ਦਾ ਅਧਿਕਾਰ ਮਿਲਿਆ। ਅਛੂਤਾਂ ਨੂੰ ਮਿਲੇ ਇਸ ਅਧਿਕਾਰ ਖ਼ਿਲਾਫ਼ 20 ਸਤੰਬਰ 1932 ਨੂੰ  ਮਹਾਤਮਾ ਗਾਂਧੀ ਨੇ ਪੂਨਾ ਦੀ ਯਰਵਦਾ ਜੇਲ੍ਹ ਵਿਚ ਮਰਨ ਵਰਤ ਰੱਖਿਆ। ਕਾਂਗਰਸ ਤੇ ਮਹਾਤਮਾ ਗਾਂਧੀ ਖ਼ਿਲਾਫ਼ ਪੰਜਾਬ ਵਿਚ ਲੜਾਈ ਬਾਬੂ ਮੰਗੂ ਰਾਮ  ਨੇ ਲੜੀ ਤੇ ਮਿਲੇ ਅਧਿਕਾਰਾਂ ਦੇ ਹੱਕ ਵਿਚ ਮਰਨ ਵਰਤ ਸ਼ਿਮਲੇ ਵਿਖੇ ਰੱਖਿਆ। ਇਸ ਲੜਾਈ ਦਾ ਅੰਤ 12ਸਤੰਬਰ 1932 ਨੂੰ ਪੂਨਾ ਪੈਕਟ ਨਾਲ ਹੋਇਆ। ਜਿਸ ਤਹਿਤ ਦੇਸ਼ ਵਿਚ ਸਾਂਝੇ ਚੋਣ ਖੇਤਰ ਤਹਿਤ ਰਾਖਵੀਆਂ ਸੀਟਾਂ ਮਿਲੀਆਂ। ਬਾਬੂ ਮੰਗੂ ਰਾਮ ਦੀ ਅਗਵਾਈ ਹੇਠ  1937 ਵਿਚ ਪੰਜਾਬ ਵਿੱਚ ਅੱਠ ਰਾਖਵੀਆਂ ਸੀਟਾਂ ਚੋਂ 7 ਸੀਟਾਂ ਜਿੱਤੀਆਂ ਸਨ। ਸ੍ਰੀ ਚੌਹਾਨ ਨੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੇ ਜਨਮ ਦਿਹਾੜੇ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਬਹੁਜਨ ਸਮਾਜ ਨੂੰ ਏਕਤਾ,ਭਾਈਚਾਰਾ ਬਣਾਕੇ ਬਾਬੂ ਜੀ ਦੇ ਚਲਾਏ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਅਤੇ  ਡਾ. ਭੀਮ ਰਾਓ ਅੰਬੇਡਕਰ ਤੇ ਮਹਾਨ ਰਹਿਬਰ ਮਰਹੂਮ ਬਾਬੂ ਕਾਸ਼ੀ ਰਾਮ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਵਲੋਂ ਚਲਾਏ 'ਜੋ ਬਹੁਜਨ ਕੀ ਬਾਤ ਕਰੇਗਾ, ਵੋਹ ਦਿੱਲੀ ਪੇ ਰਾਜ ਕਰੇਗਾ' ਅਤੇ 'ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ, ਓਨੀ ਉਨਾਂ ਦੀ ਹਿੱਸੇਦਾਰੀ' ਵਾਲੇ ਸਮਾਜਿਕ,ਰਾਜਨੀਤਕ ਪਰਿਵਰਤਨ ਦੇ ਅੰਦੋਲਨ ਨੂੰ ਅੱਗੇ ਲੈ ਕੇ ਵਧਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਸ੍ਰੀ ਚੌਹਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Post a Comment

0 Comments