ਅਮਰਜੀਤ ਸਿੰਘ ਜੰਡੂ ਸਿੰਘਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਸਕੂਲ ਦੇ ਸਕੱਤਰ ਸ. ਸੁਰਜੀਤ ਸਿੰਘ ਚੀਮਾ, ਸਕੂਲ ਡਾਇਰੈਕਟਰ ਨਿਸ਼ਾ ਮੜੀਆ, ਪ੍ਰਿੰਸੀਪਲ ਅਮੀਤਾਲ ਕੌਰ, ਸਕੂਲ ਸਟਾਫ ਤੇ ਬੱਚਿਆਂ ਨੇ ਧੀਆਂ ਦੀ ਲੋਹੜੀ ਦਾ ਤਿਉਹਾਰ ਪੁਰਾਤਨ ਰਹੁ-ਰੀਤਾਂ ਅਨੁਸਾਰ ਬਹੁਤ ਹੀ ਜੋਸ਼ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਨੇ ਲੋਹੜੀ ਦੀ ਸੱਭਿਆਚਾਰਕ ਮਹੱਤਤਾ ਦੱਸਦੇ ਹੋਏ ਬੱਚਿਆਂ ਨੂੰ ਜਾਣਕਾਰੀ ਦਿੱਤੀ ਕਿ ਲੋਹੜੀ ਦਾ ਤਿਉਹਾਰ ਦੁੱਲਾ ਭੱਟੀ ਜਿਸ ਨੇ ਮੁਗਲਾਂ ਦੇ ਜਮਾਨੇ 'ਚ ਮੁਗਲਾਂ ਵਲੋਂ ਹਿੰਦੂ ਪਰਿਵਾਰਾਂ ਦੀਆਂ ਲੜੀਆਂ ਨੂੰ ਘਰੋਂ ਚੁੱਕ ਕੇ ਲੈ ਜਾਂਦੇ ਸਨ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਤੇ ਹਿੰਦੂ ਪਰਿਵਾਰਾਂ ਦੀਆਂ ਲੜਕੀਆਂ ਸੁੰਦਰੀ ਤੇ ਮੁੰਦਰੀ ਜਿੰਨ੍ਹਾਂ ਨੂੰ ਮੁਗਲ ਚੁੱਕ ਕੇ ਲੈ ਗਏ ਸਨ ਨੂੰ ਮੁਗਲਾ ਦੇ ਹੱਥੋਂ ਛੁਡਾ ਕੇ ਲਿਆਂਦਾ ਅਤੇ ਉਨ੍ਹਾਂ ਦੇ ਵਿਆਹ ਆਪਣੀਆਂ ਧੀਆਂ ਸਮਝ ਕੇ ਹਿੰਦੂ ਰਹੁ-ਰੀਤਾਂ ਅਨੁਸਾਰ ਕੀਤੇ, ਜਿਸ ਨੂੰ ਯਾਦ ਕਰਦੇ ਹੋਏ 'ਸੁੰਦਰੀ ਮੁੰਦਰੀਏ ਹੋ ਤੇਰਾ ਕੌਣ ਵਿਚਾਰ ਹੋ' ਦੇ ਗੀਤਾ ਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕਹਾਣੀਆਂ ਤੋਂ ਸਾਨੂੰ ਪੰਜਾਬ ਦੀ ਸਰਬ ਸਾਂਝੀਵਾਲਤਾ ਦਾ ਸੁਨੇਹਾ ਮਿਲਦਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀ ਲੜਕਿਆਂ ਦੇ ਨਾਲ ਲੜਕੀਆਂ ਦੀ ਵੀ ਲੋਹੜੀ ਮਨਾਈਏ ਤਾਂ ਜੋ ਸਮਾਜ 'ਚ ਹੋ ਰਹੇ ਵਿਤਕਰੇ ਤੇ ਧੱਕੇ ਦੇ ਖ਼ਿਲਾਫ਼ ਆਵਾਜ ਬੁਲੰਦ ਕਰੀਏ। ਇਸ ਮੌਕੇ ਸ. ਸੁਰਜੀਤ ਸਿੰਘ ਚੀਮਾ ਨੇ ਸਾਰੇ ਸਟਾਫ਼ ਦਾ ਧੰਨਵਾਦ ਕੀਤਾ ਤੇ ਲੋਹੜੀ ਦੀ ਵਧਾਈ ਦਿੱਤੀ। ਉਨ੍ਹਾਂ ਬੱਚਿਆਂ ਨੂੰ ਅੱਗੇ ਤੋਂ ਵੀ ਅਜਿਹੇ ਸੱਭਿਆਚਾਰਕ ਤਿਉਹਾਰ ਮਨਾਉਣ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਧੂਣੀ ਬਾਲ ਕੇ ਲੋਹੜੀ ਨਾਲ ਸਬੰਧਤ ਗੀਤ ਵੀ ਗਾਏ | ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ ਤੇ ਬੱਚਿਆਂ ਨੂੰ ਮੂੰਗਫਲੀ ਤੇ ਰਿਉੜੀਆਂ ਵੰਡੀਆਂ ਗਈਆਂ।
0 Comments