ਪਿੰਡ ਜੋਹਲਾ ਵਿਖੇ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਦੀ ਯਾਦ ‘ਚ ਗੁਰਮਤਿ ਸਮਾਗਮ ਕਰਵਾਇਆ


ਭਾਰਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ ਸੰਗਤਾਂ ਨੇ ਗੁਰੂ ਘਰ ਭਰੀ ਹਾਜ਼ਰੀ

ਜਲੰਧਰ 8 ਫਰਵਰੀ (ਅਮਰਜੀਤ ਸਿੰਘ)- ਪੰਜਾਬ ਦੀ ਉੱਘੀ ਧਾਰਮਿਕ ਹਸਤੀ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਦੀ ਯਾਦ ‘ਚ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ‘ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਵੱਡੀ ਗਿਣਤੀ ‘ਚ ਸੰਗਤ ਨੇ ਪਹੁੰਚ ਕੇ ਹਾਜ਼ਰੀ ਭਰੀ। ਇਸ ਅਸਥਾਨ ਦੇ ਮੌਜੂਦਾ ਮੁੱਖੀ ਸੰਤ ਬਾਬਾ ਹਰਜਿੰਦਰ ਸਿੰਘ ਦੀ ਅਗਵਾਈ ‘ਚ ਸੰਤ ਬਾਬਾ ਨਿਰਬਾਣ ਦੀ ਜੀਵਨ ਯਾਤਰਾ ਸਬੰਧੀ ਵੱਖ-ਵੱਖ ਬੁਲਾਰਿਆਂ ਨੇ 18ਵੀਂ ਅਤੇ 19ਵੀਂ ਸਦੀ ‘ਚ ਸਿੱਖ ਰਾਜ ਦੇ ਅੰਤਲੇ ਦਿਨਾਂ ਤੋਂ ਪਿੱਛੇ 19ਵੀਂ ਸਦੀ ਦੇ ਆਰੰਭ ‘ਚ ਕੀਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਜਿਕਰ ਕਰਦਿਆਂ ਕਿਹਾ ਕਿ 107 ਸਾਲ ਪਹਿਲਾਂ ਅਜੋਕੇ ਸਮੇਂ ਦੀਆਂ ਸਹੂਲਤਾਂ ਤੋਂ ਬਿੰਨ੍ਹਾਂ ਪ੍ਰਚਾਰ ਕਰਨਾ ਬੜਾ ਕਠਿਨ ਸੀ। ਇਸ ਮੌਕੇ ‘ਤੇ ਅੰਮਿਤ ਵੇਲੇ ਸ਼੍ਰੀ ਅਖੰਡ ਪਾਠਾਂ ਦੀ ਚੱਲ ਰਹੀ ਲੜੀ ਦੇ ਭੋਗ ਪਾਏ ਗਏ। ਇਸ ਦੇ ਨਾਲ ਹੀ ਇਲਾਕੇ ਦੀ ਸੰਗਤ ਵਲੋਂ ਕੀਤੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਸੰਗਤੀ ਰੂਪ ‘ਚ ਪਾਏ ਗਏ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸਮਾਗਮ ‘ਚ ਸ਼ਾਮਲ ਕੀਰਤਨੀ ਜੱਥਿਆਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ, ਪ੍ਰਸਿੱਧ ਕੀਰਤਨੀਏ ਭਾਈ ਸਰਬਜੀਤ ਸਿੰਘ ਤੇ ਭਾਈ ਜਗਜੀਵਨ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਿੱਖ ਚਿੰਤਕ ਤੇ ਪੰਥਕ ਬੁਲਾਰੇ ਸ. ਭਗਵਾਨ ਸਿੰਘ ਜੌਹਲ ਨੇ ਬਾਬਾ ਕਪੂਰ ਸਿੰਘ ਨਿਰਬਾਣ ਵਲੋਂ ਗੁਰਮਤਿ ਦੇ ਪ੍ਰਚਾਰ ਖੇਤਰ ‘ਚ ਪਾਏ ਯੋਗਦਾਨ ਦਾ ਜ਼ਿਕਰ ਭਾਵਪੂਰਤ ਸਬਦਾਂ ‘ਚ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੰਤ ਬਾਬਾ ਗਿਆਨ ਦੇਵ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਪੰਡਵਾ (ਫਗਵਾੜਾ), ਸੰਤ ਭੋਲਾ ਦਾਸ ਭਾਰਸਿੰਘਪੁਰਾ, ਸੰਤ ਕਸ਼ਮੀਰ ਸਿੰਘ ਕੋਟਫਤੂਹੀ, ਸੰਤ ਹਰਮੀਤ ਸਿੰਘ ਬਾਹੋਵਾਲ, ਸੰਤ ਮੱਖਣ ਸਿੰਘ ਦਰੀਆ, ਸੰਤ ਗੁਰਵਿੰਦਰ ਸਿੰਘ ਹਜ਼ਾਰਾ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਦਵਿੰਦਰ ਕੌਰ ਕਾਲਰਾ, ਗੁਰਦਿਆਲ ਸਿੰਘ ਕਾਲਰਾ ਅਤੇ ਇਲਾਕੇ ਦੇ ਸਰਪੰਚ, ਕੌਂਸਲਰ ਤੇ ਵੱਖ-ਵੱਖ ਸੁਸਾਇਟੀਆਂ ਦੇ ਅਹੁੱਦੇਦਾਰ ਤੇ ਮੈਂਬਰ ਵੀ ਹਾਜ਼ਰ ਰਹੇ। ਆਈਆਂ ਸ਼ਖਸ਼ੀਅਤਾਂ ਦਾ ਸਨਮਾਨ ਸੰਤ ਬਾਬਾ ਹਰਜਿੰਦਰ ਸਿੰਘ ਵਲੋਂ ਸਿਰੋਪਾਓ ਪਾ ਕੇ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿਮੇਵਾਰੀ ਮਨਜਿੰਦਰ ਸਿੰਘ ਜੌਹਲ ਵਲੋਂ ਨਿਭਾਈ ਗਈ। ਇਸ ਮੌਕੇ ਤੇ ਪ੍ਰੈਫੈਸਰ ਹਰਬੰਸ ਸਿੰਘ ਬੋਲੀਨਾ ਤੇ ਰਣਜੀਤ ਸਿੰਘ ਜੋਹਲ ਤੋਂ ਇਲਾਵਾ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।  


Post a Comment

0 Comments