ਪੰਜਾਬ ਵਿੱਚ ਜਮਾਤ-ਏ-ਅਹਮਦੀਆ ਦਾ ਆਸਥਾ ਦਾ ਕੇਂਦਰ ‘ਹੁਸ਼ਿਆਰਪੁਰ"


ਇੱਕ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਰੱਬ ਆਪਣੇ ਨੇਕ ਬੰਦਿਆਂ ਨਾਲ ਗੱਲਾਂ ਕਰਦਾ ਹੈ, ਉਹਨਾਂ ਦੀਆਂ ਦੁਆਵਾਂ ਨੂੰ ਸੁਣਦਾ ਹੈ ਅਤੇ ਕਬੂਲ ਵੀ ਕਰਦਾ ਹੈ। ਇਸ ਗੱਲ ਦੇ ਸਬੂਤ ਵੱਖ-ਵੱਖ ਧਰਮਾਂ ਵਿੱਚ ਮਿਲਦੇ ਹਨ। ਇਸਲਾਮ ਧਰਮ ਵਿੱਚ ਵੀ ਇਸਦੀ ਮਿਸਾਲ ਮਿਲਦੀ ਹੈ। ਪੰਜਾਬ ਦੀ ਪਵਿੱਤਰ ਧਰਤੀ ਤੇ ਵੀ ਅਜਿਹੇ ਕਈ ਮਹਾਂਪੁਰਖਾਂ ਨੇ ਜਨਮ ਲਿਆ ਹੈ ਜਿੰਨਾ ਨੇ ਰੱਬ ਨਾਲ ਗੱਲਾਂ ਕੀਤੀਆਂ ਤੇ ਉਨਾਂ ਦੀਆਂ ਦੁਆਵਾਂ ਨੂੰ ਸੁਣਿਆ। ਇਨ੍ਹਾਂ ਮਹਾਂਪੁਰਖਾਂ ਨੇ ਇਨਸਾਨੀਅਤ ਦੀ ਸਥਾਪਨਾ ਕੀਤੀ ਅਤੇ ਰਾਹ ਤੋਂ ਭਟਕੇ ਹੋਏ ਸਮਾਜ ਨੂੰ ਫਿਰ ਤੋਂ ਰੱਬ ਨਾਲ ਜੋੜਿਆ। ਇਨ੍ਹਾਂ ਮਹਾਂਪੁਰਖਾਂ ਵਿੱਚੋਂ ਇੱਕ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਸਾਹਿਬ ਕਾਦਿਆਨੀ ਵੀ ਸਨ। ਆਪ ਜੀ ਦਾ ਜਨਮ ਕਾਦਿਆਨ ਜ਼ਿਲਾ ਗੁਰਦਾਸਪੁਰ ਵਿਖੇ 1835 ਈਸਵੀ ਨੂੰ ਹੋਇਆ। ਆਪ ਜੀ ਇਸਲਾਮ ਉੱਤੇ ਹੋ ਰਹੇ ਹਮਲਿਆਂ ਦਾ ਜਵਾਬ ਬਰਾਹੀਨੇ ਅਹਮਦੀਆ ਦੇ ਨਾਮ ਵਲੋਂ ਕਿਤਾਬਾਂ ਦੀ ਇੱਕ ਲੜੀ ਪ੍ਰਕਾਸ਼ਿਤ ਕਰ ਦਲੀਲ਼ ਦੇ ਨਾਲ ਜਵਾਬ ਦਿੱਤਾ। ਆਪ ਜੀ ਨੇ ਇਸਲਾਮ ਧਰਮ ਵਿੱਚ ਬਿਆਪਤ ਧਾਰਮਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਆਪ ਜੀ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਪੈਰੋਕਾਰ ਸਨ ਅਤੇ ਰੱਬ ਦੀਆਂ ਸਿੱਖਿਆਵਾਂ ਅਨੁਸਾਰ ਭਟਕੇ ਹੋਏ ਲੋਕਾਂ ਨੂੰ ਸਹੀ ਰਾਹ ਤੇ ਲਿਆਉਣ ਲਈ ਭੇਜੇ ਗਏ ਸਨ। ਇਸ ਦਾਅਵੇ ਦੇ ਐਲਾਨ ਹੋਣ ਤੇ ਕੁਛ ਲੋਕਾਂ ਨੇ ਆਪ ਜੀ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕਰ ਲਿਆ ਪਰ ਕੁਝ ਲੋਕਾਂ ਨੇ ਆਪ ਜੀ ਦੀ ਸੱਚਾਈ ਤੇ ਸ਼ੱਕ ਕਰਦੇ ਹੋਏ ਸਬੂਤ ਮੰਗਿਆ। ਇਸ ਤੇ ਮਿਰਜ਼ਾ ਗੁਲਾਮ ਅਹਮਦ ਸਾਹਿਬ ਨੇ ਅਲਾਹ ਦੇ ਨਾਲ ਆਪਣੀ ਸੱਚਾਈ ਦੀ ਫਰਿਆਦ ਕੀਤੀ ਤੇ ਆਪਜੀ ਨੇ ਸੱਚਾਈ ਲਈ ਕੋਈ ਨਿਸ਼ਾਨ ਮੰਗਿਆ। ਇਸ ਤੇ ਰੱਬ ਨੇ ਕਿਹਾ ਕਿ “ਤੇਰੀ ਇਹ ਮੁਰਾਦ ਹੁਸ਼ਿਆਰਪੁਰ ਵਿੱਚ ਪੂਰੀ ਹੋਵੇਗੀ। ਇਸ ਲਈ ਹਜ਼ਰਤ ਮਿਰਜ਼ਾ ਸਾਹਿਬ ਨੇ 22 ਜਨਵਰੀ 1886 ਨੂੰ ਹੁਸ਼ਿਆਰਪੁਰ ਦੀ ਯਾਤਰਾ ਆਪਣੇ ਤਿੰਨ ਸਾਥੀਆਂ ਨਾਲ ਕੀਤੀ ਅਤੇ 40 ਦਿਨ ਤੱਕ ਸ਼ਹਿਰ ਦੇ ਬਾਹਰ ਬਣੀ ਇੱਕ ਇਮਾਰਤ ਵਿੱਚ ਤੱਪ ਕੀਤਾ। ਜਿਸਦੇ ਫਲਸਵਰੂਪ ਰੱਬ ਨੇ 20 ਫਰਵਰੀ 1886 ਨੂੰ ਭਵਿੱਖਵਾਣੀ ਕਰਦੇ ਹੋਏ ਤੁਹਾਨੂੰ ਕਿਹਾ ਕਿ 9 ਸਾਲ ਦੇ ਵਿਚ ਤੇਰੇ ਘਰ ਇੱਕ ਪੁਤੱਰ ਜਨਮ ਲਵੇਗਾ ਜੋ ਕਿ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦਾ ਧਨੀ ਹੋਵੇਗਾ। ਇਸ ਭਵਿੱਖਵਾਣੀ ਨੂੰ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਸਾਹਿਬ ਨੇ 1 ਮਾਰਚ 1886 ਵਿੱਚ ਪ੍ਰਕਾਸ਼ਿਤ ਕਰਵਾਇਆ। ਇਸ ਭਵਿੱਖਵਾਣੀ ਦੇ ਅਨੁਸਾਰ ਬਟਾਲਾ ਦੇ ਨੇੜੇ ਕਾਦਿਆਨ ਵਿਖੇ ਆਪ ਜੀ ਦੇ ਘਰ 12 ਜਨਵਰੀ 1889 ਨੂੰ ਇੱਕ ਬੇਟੇ ਨੇ ਜਨਮ ਲਿਆ। ਪਿਤਾ ਨੇ ਉਸਦਾ ਨਾਮ ਬਸ਼ੀਰੂਦੀਨ ਮਹਿਮੂਦ ਰੱਖਿਆ। ਇਹ ਬੱਚਾ ਅਸਾਧਾਰਣ ਯੋਗਤਾ ਦਾ ਧਨੀ ਸੀ। ਆਪ ਜੀ ਭਵਿੱਖ ਵਿੱਚ ਅਹਮਦੀਆ ਮੁਸਲਿਮ ਸੰਪਰਦਾਇ ਦੇ ਦੂਸਰੇ ਖਲੀਫਾ (ਉਤਰਾਧਿਕਾਰੀ) ਚੁਣੇ ਗਏ। ਮਿਰਜ਼ਾ ਬਸ਼ੀਰੂਦੀਨ ਮਹਿਮੂਦ ਨੇ 52 ਸਾਲ ਤੱਕ ਬਹੁਤ ਕਠਿਨਾਈਆਂ ਵਿੱਚ ਅਹਮਦਿਆ ਮੁਸਲਿਮ ਜਮਾਤ ਦੀ ਅਗਵਾਈ ਕੀਤੀ। ਇਸ ਦੇ ਸਿੱਟੇ ਵੱਜੋਂ ਇਸਲਾਮ ਦੀਆਂ ਮੂਲ ਸਿੱਖਿਆਵਾਂ ਨੂੰ ਸਹੀ ਢੰਗ ਨਾਲ ਪਰਿਭਾਸ਼ਿਤ ਕਰਦੇ ਹੋਏ ਬਹੁਤ ਸਾਰੀਆਂ ਕਿਤਾਬਾਂ ਦਾ ਪ੍ਰਕਾਸ਼ਨ ਕਰਵਾਇਆ। ਇਨ੍ਹਾਂ ਰਾਂਹੀ ਅਲਾਹ ਦੀ ਭਵਿੱਖਵਾਣੀ ਦੀ ਇੱਕ ਘਟਨਾ ਸੱਚ ਸਾਬਿਤ ਹੋਈ ਜੋ ਕਿ 20 ਫਰਵਰੀ 1886 ਨੂੰ ਆਪ ਜੀ ਦੇ ਪਿਤਾ ਅਤੇ ਅਹਮਦੀਆ ਮੁਸਲਿਮ ਸੰਪਰਦਾਇ ਦੇ ਸੰਸਥਾਪਕ ਮਿਰਜ਼ਾ ਗੁਲਾਮ ਅਹਮਦ ਸਾਹਿਬ ਦੇ ਨਾਲ ਘਟਿਤ ਹੋਈ ਸੀ। ਇਸ ਗੱਲ ਦਾ ਸਬੂਤ ਅਹਮਦੀਆ ਮੁਸਲਿਮ ਸਮਾਜ ਦੇ ਉਸ ਜੀਵਨ ਸ਼ੈਲੀ ਰਾਹੀਂ ਸਹਿਜੇ ਹੀ ਮਿਲ ਜਾਂਦਾ ਹੈ ਜਿਸ ਵਿੱਚ ਇਸਲਾਮ ਦੀਆਂ ਸੱਚੀਆਂ ਸਿੱਖਿਆਵਾਂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕੀਤਾ ਜਾਂਦਾ ਹੈ। ਇਸ ਪ੍ਰਮੁੱਖ ਦਿਨ ਦੇ ਮਹੱਤਵ ਨੂੰ ਪ੍ਰਗਟ ਕਰਨ ਲਈ ਸੰਸਾਰ ਭਰ ਵਿੱਚ ਅਹਮਦੀਆ ਮੁਸਲਿਮ ਜਮਾਤ ਹਰ ਸਾਲ 20 ਫਰਵਰੀ ਨੂੰ ਮੁਸਲੇ ਮਊਦ ਦਿਵਸ ਦੇ ਰੂਪ ਵਿੱਚ ਮਨਾਉਂਦੀ ਹੈ। ਪੁਰਾਣੀ ਕਣਕ ਮੰਡੀ ਹੁਸ਼ਿਆਰਪੁਰ ਵਿੱਚ ਸਥਿਤ ਇਹ ਇਮਾਰਤ ਜਿਸ ਵਿੱਚ ਉਹ ਭਵਿੱਖਵਾਣੀ ਹੋਈ ਸੀ ਅੱਜ ਅਹਮਦੀਆ ਮੁਸਲਿਮ ਜਮਾਤ ਲਈ ਸ਼ਰਧਾ ਅਤੇ ਪਿਆਰ ਦਾ ਕੇਂਦਰ ਬਣ ਚੁੱਕੀ ਹੈ। ਸੰਸਾਰ ਭਰ ਤੋਂ ਅਹਮਦੀਆ ਸਮਾਜ ਦੇ ਸ਼ਰਧਾਲੂ ਇਸ ਇਮਾਰਤ ਵਿੱਚ ਦੂਆ ਕਰਨ ਲਈ ਪੁੱਜਦੇ ਹਨ।

ਪੇਸਕਸ਼ : ਤਰਸੇਮ ਦੀਵਾਨਾ, ਸਟਾਫ ਰਿਪੋਰਟਰ ਹੁਸ਼ਿਆਰਪੁਰ, ਫੋਨ : 94172-52526 


Post a Comment

0 Comments