ਰਡਿਆਲਾ ਸਕੂਲ ਵਿਖੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਆਯੋਜਿਤ ਕੀਤਾ ਗਿਆ


ਜਲੰਧਰ 13 ਮਾਰਚ (ਅਮਰਜੀਤ ਸਿੰਘ)-
ਖਰੜ (ਮੋਹਾਲੀ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਡਿਆਲਾ ਵਿਖੇ ਪਾਸ ਆਊਟ ਹੋ ਰਹੇ ਵਿਦਿਆਰਥੀਆਂ ਲਈ ਜੂਨੀਅਰ ਸ਼੍ਰੇਣੀ ਵੱਲੋਂ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ। ਸਕੂਲ ਦੇ ਮੀਡੀਆ ਇੰਚਾਰਜ ਮਨਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥਣਾਂ ਸਿਮਰਜੀਤ ਅਤੇ ਉੱਨਤੀ ਸ਼੍ਰੀਵਾਸਤਵ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ। ਵਿਦਿਆਰਥੀਆਂ ਲਈ ਕਈ ਦਿਲਚਸਪ ਖੇਡਾਂ ਰੱਖੀਆਂ ਗਈਆਂ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ-ਮੁਖੀ ਨੇ ਕਿਹਾ ਕਿ ਜ਼ਿੰਦਗੀ ਵਿੱਚ ਅਸਲ ਕਾਮਯਾਬੀ ਲਈ ਇਕ ਜ਼ਿੰਮੇਵਾਰ ਜਿਊਣ ਸਲੀਕੇ ਦੀ ਲੋੜ ਰਸਮੀ ਡਿਗਰੀਆਂ ਨਾਲੋਂ ਕਿਤੇ ਵੱਧ ਹੁੰਦੀ ਹੈ।

          ਉਨ੍ਹਾਂ ਨੇ ਹਰ ਵਿਦਿਆਰਥੀ ਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ 1 ਰੁੱਖ ਲਾਉਣ ਤੇ ਪਾਲਣ, 1 ਵਿਅਕਤੀ ਨੂੰ ਨਸ਼ੇ ਤੋਂ ਦੂਰ ਕਰਨ, 1 ਵਿਅਕਤੀ ਨੂੰ ਅਨਪੜ੍ਹਤਾ ਵਿੱਚੋਂ ਬਾਹਰ ਕੱਢਣ, 1 ਸੜਕ ਦੁਰਘਟਨਾ ਦੌਰਾਨ ਫਰਿਸ਼ਤਾ ਬਣਨ ਅਤੇ ਘੱਟੋ-ਘੱਟ 1 ਹੁਨਰ ਆਪਣੇ ਅੰਦਰ ਵਿਕਸਿਤ ਕਰਨ ਦਾ ਪ੍ਰਣ ਸਵੈ ਇੱਛਾ ਨਾਲ ਕਰਨ ਦੀ ਸਲਾਹ ਦਿੱਤੀ ਜਿਸ ਪ੍ਰਤੀ ਵਿਦਿਆਰਥੀਆਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ।

          ਸਕੂਲ-ਮੁਖੀ ਨੇ ਵਿਦਿਆਰਥੀਆਂ ਦੇ ਜੀਵਨ ਲਈ ਸ਼ੁਭ ਕਾਮਨਾਵਾਂ ਪ੍ਰਗਟਾਉਂਦਿਆਂ ਉਨ੍ਹਾਂ ਲਈ ਜੀਵਨ ਵਿੱਚ ਬੁਲੰਦੀਆਂ ਛੂਹਣ ਦੀ ਦੁਆ ਵੀ ਕੀਤੀ। ਇਸ ਮੌਕੇ ਤਿੰਨ ਚਕਰੀ ਮੁਕਾਬਲੇ ਮਗਰੋਂ ਜਗਦੀਪ ਸਿੰਘ ਨੂੰ ਮਿਸਟਰ ਫੇਅਰਵੈੱਲ ਜਦ ਕਿ ਰਜਨੀਸ਼ ਕੌਰ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ। ਇਸ ਮੌਕੇ ਰਿਚਾ ਤਨੇਜਾ, ਹਰਸ਼ਪ੍ਰੀਤ, ਸੰਦੀਪ ਸਿੰਘ, ਅੰਮ੍ਰਿਤਪਾਲ ਕੌਰ, ਗੁਰਿੰਦਰ ਕੌਰ, ਸੀਮਾ ਸਿਆਲ, ਰਾਜਵੀਰ ਕੌਰ, ਅਮਨਦੀਪ ਕੌਰ ਨੇ ਵੀ ਸਹਿਯੋਗ ਕੀਤਾ।

Post a Comment

0 Comments