ਜਲੰਧਰ 20 ਅਪ੍ਰੈਲ (ਅਮਰਜੀਤ ਸਿੰਘ)- ਵੀਰਵਾਰ ਨੂੰ ਫਿਲੌਰ ਵਿਧਾਨ ਸਭਾ ਹਲਕੇ ਵਿੱਚ ਵੱਡੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਵੋਟ ਪਾ ਕੇ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਸਰਧਾਂਜਲੀ ਭੇਂਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਫਿਲੌਰ ਦੇ ਵੋਟਰਾਂ ਨੂੰ ਆਖਿਆ ਕਿ ਉਹ ‘ਆਪ‘, ਭਾਜਪਾ ਜਾਂ ਅਕਾਲੀਆਂ ਨੂੰ ਵੋਟ ਪਾ ਕੇ ਆਪਣੀ ਵੋਟ ਬਰਬਾਦ ਨਾ ਕਰਨ ਅਤੇ ਲੋਕ ਸੇਵਾ ਨੂੰ ਆਪਣਾ ਜੀਵਨ ਸਮਰਪਿਤ ਕਰਨ ਅਤੇ ਜਲੰਧਰ ਵਾਸੀਆਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਅਣਥੱਕ ਮਿਹਨਤ ਕਰਨ ਵਾਲੇ ਸੰਤੋਖ ਸਿੰਘ ਚੌਧਰੀ ਦੀ ਯਾਦ ਨੂੰ ਆਪਣੀ ਵੋਟ ਸਮਰਪਿਤ ਕਰਨ।
ਉਨ੍ਹਾਂ ਮਾਨ ਸਰਕਾਰ ਦੀ ਕਾਰਗੁਜਾਰੀ ਦੀ ਆਲੋਚਨਾਂ ਕਰਦਿਆਂ ਚਰਨਜੀਤ ਚੰਨੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੇ ਮੁਕਾਬਲੇ ਹਰ ਪੱਖ ਤੋਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਉਨ੍ਹਾਂ ਦਾ ਰਾਸ਼ਨ ਦਾ ਹੱਕ ਵੀ ਨਹੀਂ ਦਿੱਤਾ ਜਾ ਰਿਹਾ ਹੈ।
ਚੰਨੀ ਨੇ ਮੀਟਿੰਗਾਂ ਵਿੱਚ ਹਾਜ਼ਰ ਔਰਤਾਂ ਨੂੰ ਸਵਾਲ ਕਰਦਿਆਂ ਆਖਿਆ, ਕੀ ਉਨ੍ਹਾਂ ਨੂੰ 1000 ਰੁਪਏ ਮਿਲੇ ਹਨ, ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਵਾਅਦਾ ਸੀ।
ਚੰਨੀ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਲੋਕ ਸੇਵਾ ਪ੍ਰਤੀ ਵਚਨਬੱਧ ਅਤੇ ਚੌਧਰੀ ਸੰਤੋਖ ਸਿੰਘ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਸਮਰਪਿਤ ਹੈ। ਸਾਬਕਾ ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਜਿਸ ਤਰਾਂ ਚੌਧਰੀ ਸੰਤੋਖ ਸਿੰਘ ਆਪਣੇ ਜੀਵਨ ਦੌਰਾਨ ਜਨਤਾ ਦੀ ਸੇਵਾ ਨੂੰ ਸਮਰਪਿਤ ਰਹੇ, ਉਸੇ ਤਰਾਂ ਕਰਮਜੀਤ ਕੌਰ ਚੌਧਰੀ ਵੀ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹੈ। ਆਪਣੇ ਭਾਸ਼ਣ ਦੌਰਾਨ ਕਰਮਜੀਤ ਕੌਰ ਚੌਧਰੀ ਨੇ ਆਖਿਆ ਕਿ ਜਲੰਧਰ ਦੇ ਲੋਕਾਂ ਦੀ ਸੇਵਾ ਕਰਨਾ ਉਹਨਾਂ ਦਾ ਪਹਿਲਾ ਫਰਜ਼ ਹੈ।
0 Comments