ਬੇਮੌਸਮੀ ਬਰਸਾਤ ਨਾਲ ਨੁਕਸਾਨੀ ਫਸਲ ਦੀ ਹੋਵੇ ਗਿਰਦਾਵਰੀ- ਮੌਲੀ

ਫਗਵਾੜਾ 4 ਅਪ੍ਰੈਲ (ਸ਼ਿਵ ਕੋੜਾ)- ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰੈਸ ਸਕੱਤਰ ਗੁਰਪਾਲ ਸਿੰਘ ਮੌਲੀ ਨੇ ਫਗਵਾੜਾ ਸਬ-ਡਵੀਜਨ ਦੇ ਪਿੰਡਾਂ ‘ਚ ਗਿਰਦਾਵਰੀ ਦਾ ਕੰਮ ਸ਼ੁਰੂ ਨਾ ਹੋਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਿਸਾਨਾ ਨੂੰ ਬੇਮੌਸਮੀ ਬਰਸਾਤ ਨਾਲ ਫਸਲ ਦੇ ਹੋਏ ਨੁਕਸਾਨ ਦਾ ਮੁਆਵਜਾ ਵਿਸਾਖੀ ਤੱਕ ਦੇਣ ਦੀ ਗੱਲ ਕਰ ਰਹੇ ਹਨ ਪਰ ਸੱਚਾਈ ਤਾਂ ਇਹ ਹੈ ਕਿ ਸਰਕਾਰੀ ਹੁਕਮ ਦੇ ਬਾਵਜੂਦ ਫਗਵਾੜਾ ‘ਚ ਹਾਲੇ ਗਿਰਦਾਵਰੀ ਦਾ ਕੰਮ ਵੀ ਸ਼ੁਰੂ ਨਹੀਂ ਹੋਇਆ ਹੈ। ਕਿਸਾਨ ਆਗੂ ਨੇ ਪੰਜਾਬ ਸਰਕਾਰ ਵਲੋਂ 70 ਫੀਸਦੀ ਤੋਂ ਵੱਧ ਖਰਾਬ ਹੋਈ ਫਸਲ ਦੇ ਮੁਆਵਜੇ ਵਜੋਂ ਪੰਦਰਾਂ ਹਜਾਰ ਰੁਪਏ ਪ੍ਰਤੀ ਏਕੜ ਦੇ ਐਲਾਨ ਨੂੰ ਵੀ ਨਾਕਾਫੀ ਦੱਸਿਆ ਅਤੇ ਕਿਹਾ ਕਿ ਇਸ ਰਕਮ ਨੂੰ ਵਧਾ ਕੇ 40 ਤੋਂ 50 ਹਜਾਰ ਰੁਪਏ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਰਥਿਕ ਨੁਕਸਾਨ ਅਤੇ ਕਰਜਿਆਂ ਤੋਂ ਬਚਾਇਆ ਸਕੇ। ਕਿਉਂਕਿ ਨੀਵਿਆਂ ਇਲਾਕਿਆਂ ‘ਚ ਸੌ ਫੀਸਦੀ ਫਸਲ ਇਸ ਬੇਮੌਸਮੀ ਬਰਸਾਤ ਵਿਚ ਨੁਕਸਾਨੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਘੱਟ ਨੁਕਸਾਨ ਵਾਲੇ ਅਤੇ ਠੇਕੇ ਤੇ ਜਮੀਨ ਲੈ ਕੇ ਖੇਤੀ ਕਰਦੇ ਛੋਟੇ ਕਿਸਾਨਾਂ ਨੂੰ ਵੀ ਉਚਿਤ ਮੁਆਵਜੇ ਮੰਗ ਕਰਦਿਆਂ ਉਹਨਾਂ ਗਿਰਦਾਵਰੀ ਦਾ ਕੰਮ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਦੀ ਹਾਜਰੀ ਵਿਚ ਕਰਵਾਉਣ ਦੀ ਗੱਲ ਕੀਤੀ ਅਤੇ ਪੰਜਾਬ ਸਰਕਾਰ ਨੂੰ ਸਪਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਵਿਸਾਖੀ ਤੱਕ ਕਿਸਾਨਾ ਨੂੰ ਬਣਦਾ ਮੁਆਵਜਾ ਨਾ ਦਿੱਤਾ ਗਿਆ ਤਾਂ ਇਸ ਦਾ ਖਾਮਿਆਜਾ ਜਲੰਧਰ ਜਿਮਨੀ ਚੋਣ ਵਿਚ ਭੁਗਤਣਾ ਪਵੇਗਾ। ਉਹਨਾਂ ਫਗਵਾੜਾ ਇਲਾਕੇ ‘ਚ ਸੱਤਾ ਧਿਰ ਦੇ ਕਿਸੇ ਵੀ ਸੀਨੀਅਰ ਆਗੂ ਵਲੋਂ ਕੁਦਰਤੀ ਆਫਤ ਦਾ ਸ਼ਿਕਾਰ ਬਣੇ ਕਿਸਾਨਾਂ ਦੀ ਸਾਰ ਨਾ ਲੈਣ ਦਾ ਦੋਸ਼ ਵੀ ਲਾਇਆ।

Post a Comment

0 Comments