ਆਦਮਪੁਰ 8 ਅਪ੍ਰੈਲ (ਸੂਰਮਾ ਪੰਜਾਬ ਬਿਊਰੋ)- ਲੁੱਟ-ਖਸੁੱਟ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਬੇਖੌਫ਼ ਲੁਟੇਰਿਆਂ ਦੇ ਹੌਸਲੇ ਇਨ੍ਹੇ ਬੁਲੰਦ ਹਨ ਕਿ ਉਹ ਕਿਸੇ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੇ ਕੂਪੁਰ ਅੱਡਾ ਕਠਾਰ ਤੋਂ ਦਿਨ ਦਿਹਾੜੇ 2 ਅਣਪਛਾਤੇ ਲੁਟੇਰੇ ਭਰੀ ਆਬਾਦੀ 'ਚ ਚੌਂਕ ਵਿਚ ਸਥਿਤ ਭਵਲੀਨ ਬਰਤਨ ਅਤੇ ਗਿਫ਼ਟ ਸੈਂਟਰ ਤੋਂ ਕਰੀਬ 10, 12 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਪਿੰਡ ਕੂਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਅਦ ਦੁਪਹਿਰ ਉਹ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ ਤਾਂ ਦੁਕਾਨ ਤੇ ਆਪਣੀ ਲੜਕੀ ਭਵਲੀਨ ਨੂੰ ਛੱਡ ਕੇ ਗਈ ਸੀ। ਉਹਨਾਂ ਦੱਸਿਆ ਕਿ ਦੋ ਨੌਜਵਾਨਾਂ ਨੇ ਉਸਦੀ ਲੜਕੀ ਤੋਂ 280 ਰੁਪਏ ਦਾ ਸਮਾਨ ਲੈ ਕਿ 2 ਹਜਾਰ ਰੁਪਏ ਦਾ ਨੋਟ ਦੇ ਦਿਤਾ। ਜਦੋਂ ਲੜਕੀ ਨੇ ਦੁਕਾਨ ਤੇ ਪਈ ਪੰਜ ਪੰਜ ਸੌ ਦੇ ਨੋਟਾਂ ਦੀ ਨਕਦੀ ਵਿਚੋਂ ਬਾਕੀ ਬਕਾਇਆ 1720 ਰੁਪਏ ਖੁੱਲੀ ਰਕਮ ਵਾਪਿਸ ਕਰਨ ਲਈ ਘਟਦੇ 100 ਰੁਪਏ ਆਪਣੀ ਨਾਲ ਵਾਲੀ ਦੂਸਰੀ ਦੁਕਾਨ ਤੋਂ ਲੈਣ ਗਈ ਤਾਂ ਉਕਤ ਦੋਵੇ ਨੌਜਵਾਨ ਦੁਕਾਨ ਤੇ ਪਈ 10,12 ਹਜਾਰ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਘਟਨਾ ਸਬੰਧੀ ਥਾਣਾ ਆਦਮਪੁਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿਨ ਰਾਤ ਵੇਲੇ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਤੋਂ ਅੱਕੇ ਲੋਕਾਂ ਦੇ ਮਨ ਵਿਚ ਪੁਲਿਸ ਪ੍ਰਸ਼ਾਸਨ ਖਿਲਾਫ ਸਖਤ ਰੋਸ ਪਾਇਆ ਜਾ ਰਿਹਾ ਹੈ।
0 Comments