ਅਕਾਲੀ ਦਲ-ਬਸਪਾ ਤਾਲਮੇਲ ਕਮੇਟੀ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਬਸਪਾ ਦੀ ਡਟਵੀਂ ਮਦਦ ਨਾਲ ਅਕਾਲੀ ਦਲ ਦਾ ਉਮੀਦਵਾਰ ਖੜ੍ਹਾ ਕਰਨ ਦਾ ਫੈਸਲਾ



ਸੁਖਬੀਰ ਸਿੰਘ ਬਾਦਲ ਨੇ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਕੇ ਮੁਲਾਜ਼ਮਾਂ ਨੂੰ ਸਜ਼ਾ ਦੇਣ ਦੀ ਕੀਤੀ ਨਿਖੇਧੀ

ਜਲੰਧਰ 8 ਅਪ੍ਰੈਲ (ਸੂਰਮਾ ਪੰਜਾਬ ਬਿਊਰੌ)- ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਤਾਲਮੇਲ ਕਮੇਟੀ ਨੇ ਅੱਜ ਫੈਸਲਾ ਲਿਆ ਕਿ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਬਸਪਾ ਦੀ ਡਟਵੀਂ ਹਮਾਇਤ ਨਾਲ ਅਕਾਲੀ ਦਲ ਦਾ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਅਕਾਲੀ ਦਲ ਤੇ ਬਸਪਾ ਦੀ ਸਾਂਝੀ ਮੀ‌ਟਿੰਗ ਵਿਚ ਵਿਸਥਾਰ ਵਿਚ ਵਟਾਂਦਰਾ ਕਰਨ ਤੋਂ ਬਾਅਦ ਲਿਆ ਗਿਆ ਹੈ ਜਿਸਦੀ ਪ੍ਰੋੜਤਾ ਬਸਪਾ ਮੁਖੀ ਭੈਣ ਮਾਇਆਵਤੀ ਨੇ ਵੀ ਕੀਤੀ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਰਸਮੀ ਚੋਣ ਪ੍ਰਚਾਰ 10 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਰੇ ਆਗੂ ਤੇ ਵਰਕਰ ਇਸ ਮੁਹਿੰਮ ਦਾ ਹਿੱਸਾ ਰਹਿਣਗੇ।

              ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਭਗਵੰਤ ਮਾਨ ਸਰਕਾਰ ਜੋ ਹਰ ਮੁਹਾਜ਼ ’ਤੇ ਅਸਫਲ ਹੋਈ ਹੈ ਉਹਨਾਂ ਦੱਸਿਆ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਕਿਸਾਨਾਂ, ਦਲਿਤਾਂ, ਨੌਜਵਾਨਾਂ, ਵਪਾਰੀਆਂ ਤੇ ਸਰਕਾਰੀ ਮੁਲਾਜ਼ਮਾਂ ਜੋ ਸਾਰੇ ਆਪ ਸਰਕਾਰ ਤੋਂ ਅੱਕ ਚੁੱਕੇ ਹਨ, ਦੀ ਆਵਾਜ਼ ਹੈ ਤੇ ਬਣਿਆ ਰਹੇਗਾ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਦਫਤਰੀ ਸਮਾਂ ਸਵੇਰੇ 7.30 ਵਜੇ ਤੋਂ ਸ਼ੁਰੂ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਫੈਸਲਾ ਇਸ ਕਰ ਕੇ ਲਿਆ ਗਿਆ ਹੈ ਕਿਉਂਕਿ ਆਪ ਸਰਕਾਰ ਗਰਮੀਆਂ ਦੇ ਮਹੀਨੇ ਵਿਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੀ ਬਿਜਲੀ ਦਾ ਪ੍ਰਬੰਧ ਕਰਨ ਵਿਚ ਅਸਫਲ ਰਹੀ ਹੈ। ਉਹਨਾਂ ਕਿਹਾ ਪੰਜਾਬੀ ਵੱਡੇ ਬਿਜਲੀ ਕੱਟਾਂ ਵਾਸਤੇ ਤਿਆਰ ਰਹਿਣ। ਉਹਨਾਂ ਕਿਹਾ ਕਿ ਝੋਨੇ ਦੀ ਲੁਆਈ ਵੀ ਖਤਰੇ ਵਿਚ ਪੈ ਗਈ ਹੈ।

              ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਤੋਂ ਉਲਟ ਪਿਛਲੀ ਅਕਾਲੀ ਦਲ ਦੀ ਸਰਕਾਰ ਵਿਚ ਨਾ ਸਿਰਫ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਗਿਆ ਬਲਕਿ ਕਿਸਾਨਾਂ, ਇੰਡਸਟਰੀ ਤੇ ਆਮ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਗਈ। 

              ਉਨ੍ਹਾਂ ਕਿਹਾ ਕਿ ਆਪ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਤੋਂ ਵੀ ਭੱਜ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਵਿਚ ਕਿਸਾਨਾਂ ਨਾਲ ਵਧੀਕੀ ਨਹੀਂ ਹੋਣ ਦੇਵੇਗਾ। ਇਸ ਮੌਕੇ ਬਸਦਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਬਸਪਾ ਦੇ ਵਰਕਰ ਬਹੁਤ ਤਨਦੇਹੀ ਨਾਲ ਕੰਮ ਕਰਦਿਆਂ ਆਉਂਦੀ ਚੋਣ ਵਿਚ ਅਕਾਲੀ ਦਲ ਤੇ ਬਸਪਾ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣਗੇ। ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੀ ਮੌਜੂਦ ਸਨ।

Post a Comment

0 Comments