ਡਾ. ਅੰਬੇਡਕਰ ਫਾਊਂਡੇਸ਼ਨ ਨੇ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਭੇਜੀ 1 ਕਰੋੜ ਤੋਂ ਵੱਧ ਰਾਸ਼ੀ

ਪੰਜਾਬ ਦਾ ਕੋਈ ਵੀ ਜ਼ਰੂਰਤਮੰਦ ਅਨੁਸੂਚਿਤ ਪਰਿਵਾਰ ਪੈਸੇ ਖੁਣੋਂ ਇਲਾਜ ਤੋਂ ਵਾਝਾਂ ਨਹੀਂ ਰਹਿਣ ਦਿਆਂਗੇ : ਮਨਜੀਤ ਬਾਲੀ

ਆਦਮਪੁਰ/ਜਲੰਧਰ 11 ਮਈ (ਅਮਰਜੀਤ ਸਿੰਘ)- ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ ਦੇ ਅਧੀਨ ਚੱਲ ਰਹੀ ਡਾ. ਅੰਬੇਡਕਰ ਫਾਊਂਡੇਸ਼ਨ ਵੱਲੋਂ ਪੰਜਾਬ ਦੇ ਅਲੱਗ ਅਲੱਗ ਜ਼ਿਲਿਆਂ ਦੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਵੱਖ-ਵੱਖ ਗੰਭੀਰ ਬਿਮਾਰੀਆਂ ਤੋਂ ਪੀੜਤ ਲੋੜਵੰਦ 30 ਮਰੀਜ਼ਾ ਨੂੰ 1 ਕਰੋੜ 5 ਲੱਖ 20 ਹਜ਼ਾਰ ਰੁਪਏ ਇਲਾਜ ਲਈ ਸਬੰਧਤ ਹਸਪਤਾਲਾਂ ਨੂੰ ਭੇਜੇ ਗਏ। ਫਾਊਂਡੇਸ਼ਨ ਦੇ ਪੰਜਾਬ ਤੋਂ ਮੈਂਬਰ ਮਨਜੀਤ ਬਾਲੀ ਨੇ ਦੱਸਿਆ ਕਿ ਫਾਊਂਡੇਸ਼ਨ ਦੇ ਯੋਗ ਯਤਨਾਂ ਸਦਕਾ ਗੰਭੀਰ ਬਿਮਾਰੀਆਂ ਤੋਂ ਪੀੜਤ ਇਨ੍ਹਾਂ ਮਰੀਜ਼ਾਂ ਦੀ ਬਾਂਹ ਫੜਕੇ ਇਨ੍ਹਾਂ ਨੂੰ ਜ਼ਿੰਦਗੀ ਜਿਊਣ ਦਾ ਹੋਰ ਸੁਨਹਿਰੀ ਮੌਕਾ ਮਿਲਿਆ। ਬਾਲੀ ਨੇ ਕਿਹਾ ਕਿ ਉਨ੍ਹਾਂ ਦਾ ਯਤਨ ਹੈ ਕਿ ਪੰਜਾਬ ਦੀਆਂ ਅਨੁਸੂਚਿਤ ਜਾਤੀ ਦਾ ਕੋਈ ਵੀ ਲੋੜਵੰਦ ਮਰੀਜ਼ ਪੈਸਿਆਂ ਦੇ ਦੁੱਖੋਂ ਇਲਾਜ ਤੋਂ ਵਾਝਾਂ ਨਾ ਰਹਿ ਜਾਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਮੰਤਰਾਲਾ ਦੇ ਕੈਬਨਿਟ ਮੰਤਰੀ ਸ੍ਰੀ ਵਰਿੰਦਰ ਕੁਮਾਰ ਅਤੇ ਖਾਸ ਤੌਰ ਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਵਿਜੈ ਸਾਂਪਲਾ ਦੀਆਂ ਹਦਾਇਤਾਂ ਹਨ ਕਿ ਲੋੜਵੰਦਾ ਦੀ ਸਹਾਇਤਾ ਲਈ ਉਨ੍ਹਾਂ ਤੱਕ ਪਹੁੰਚ ਕਰਨੀ ਹੈ। ਬਾਲੀ ਨੇ ਇਹ ਵੀ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਮਿਸ਼ਨ ਨੂੰ ਘਰ-ਘਰ ਪਹੁਚਾਉਣ ਲਈ ਉਨ੍ਹਾਂ ਦੀ ਫਾਊਂਡੇਸ਼ਨ ਹਰ ਸੰਭਵ ਸਹਿਯੋਗ ਕਰ ਰਹੀ ਹੈ। ਮਨਜੀਤ ਬਾਲੀ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਜ਼ਰੂਰਤਮੰਦ ਅਨੁਸੂਚਿਤ ਪਰਿਵਾਰ ਪੈਸੇ ਖੁਣੋਂ ਇਲਾਜ ਤੋਂ ਵਾਝਾਂ ਨਹੀਂ ਰਹਿਣ ਦਿਆਂਗੇ। ਉਨ੍ਹਾਂ ਦੱਸਿਆ ਜ਼ਿਲ੍ਹਾ ਜਲੰਧਰ ਤੋਂ ਅਵਤਾਰ ਸਿੰਘ, ਰਾਜ ਕੁਮਾਰ, ਜਸਵਿੰਦਰ ਕੌਰ, ਰਾਜਵਿੰਦਰ ਕੌਰ, ਰਾਮ ਲੁਭਾਇਆ, ਸਤਨਾਮ ਸਿੰਘ, ਸੰਤੋਸ਼ ਕੁਮਾਰੀ, ਰਜਿੰਦਰ ਕੁਮਾਰ, ਅਰਜੁਨ, ਨਰੇਸ਼, ਸੀਤਾ, ਰੇਸ਼ਮ ਲਾਲ, ਉਮਾ ਗਿੱਲ, ਕੁਲਵਿੰਦਰ ਕੌਰ, ਮੋਹਨ ਲਾਲ, ਸੁਮਿਤ ਸਿੰਘ, ਦੇਵਰਾਜ, ਸੁਨੀਤਾ, ਯੋਗਰਾਜ, ਸੁਸ਼ਮਾ ਰਾਣੀ, ਰਾਜ ਰਾਣੀ, ਸੁਰੇਸ਼ ਕੁਮਾਰ, ਦਰਬਾਰਾ ਸਿੰਘ, ਇਹ ਸਾਰੇ ਕਿਡਨੀ ਦੀ ਬੀਮਾਰੀ ਤੇ ਜਨਕ ਰਾਜ ਦਿਲ ਦੀ ਬੀਮਾਰੀ ਤੋਂ ਪਰਮਜੀਤ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ। ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸੋਮਨਾਥ, ਪਵਨਦੀਪ ਸਿੰਘ, ਮੁਕੇਸ਼ ਕੁਮਾਰ, ਹੰਸ ਕੌਰ, ਰਮੇਸ਼ ਕੁਮਾਰ ਇਹ ਸਾਰੇ ਕਿਡਨੀ ਤੋਂ ਪੀੜਤ ਸਨ। ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਿਲ  ਕੁਮਾਰ ਕਿਡਨੀ ਦੀ ਬੀਮਾਰੀ ਤੋਂ ਪੀੜਤ ਸਨ। ਜ਼ਿਲ੍ਹਾ ਕਪੂਰਥਲਾ ਤੋਂ ਸੀਮਾਂ ਕਿਡਨੀ ਤੋਂ ਪੀੜਤ ਸਨ। ਇਨ੍ਹਾਂ ਮਰੀਜ਼ਾਂ ਵਲੋਂ ਉਨ੍ਹਾਂ ਨੂੰ ਮਿਲੇ ਕਾਗਜ਼ਾਤਾਂ ਦੀ ਲੋੜੀਂਦੀ ਖ਼ਾਨਾਪੂਰਤੀ ਕਰਨ ਉਪਰੰਤ ਇਨ੍ਹਾਂ ਦੇ ਪੈਸੇ ਭੇਜੇ ਗਏ ਤਾਂ ਜ਼ੋ ਇਨ੍ਹਾਂ ਦਾ ਇਲਾਜ ਸਮੇਂ ਸਿਰ ਹੋ ਸਕੇ।


Post a Comment

0 Comments