ਪੱਤਰਕਾਰਾਂ ਦੀ ਸੁੱਰਖਿਆ ਲਈ ਆਪ ਸਰਕਾਰ ਵਿਧਾਨ ਸਭਾ 'ਚ ਵਿਸ਼ੇਸ਼ ਆਰਡੀਨੈੰਸ ਲਿਆਵੇ- ਬਲਵੀਰ ਸਿੰਘ ਸੈਣੀ, ਜਸਵਿੰਦਰ ਸਿੰਘ ਆਜ਼ਾਦ
ਹੁਸ਼ਿਆਰਪੁਰ 1 ਜੂਨ (ਅਮਰਜੀਤ ਸਿੰਘ)- ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਇੰਡੀਆ, ਵੱਲੋਂ ਵਿਨੋਦ ਕੌਸ਼ਲ ਸਕੱਤਰ ਜਨਰਲ ਇੰਡੀਆ, ਤਰਸੇਮ ਦੀਵਾਨਾ ਜੁਆਇੰਟ ਸਕੱਤਰ ਇੰਡੀਆ, ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ, ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ, ਅਮਰਜੀਤ ਸਿੰਘ ਜੰਡੂ ਸਿੰਘਾ ਜਨਰਲ ਸਕੱਤਰ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਵਾਲ਼ਾ ਤਰਨਤਾਰਨ ਦੀ ਪ੍ਰਿੰਸੀਪਲ ਰਜਿੰਦਰ ਕੌਰ ਵੱਲੋਂ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਬੰਧਕ ਬਣਾਉਣ ਦੀ ਸਖਤ ਨਿੰਦਾ ਕਰਦਿਆਂ ਉਕਤ ਪ੍ਰਿੰਸੀਪਲ ਖਿਲਾਫ ਦਰਖਾਸਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ 'ਤੇ ਜ਼ਿਲਾ ਪ੍ਰਸਾਸ਼ਨ ਅਤੇ ਪੰਜਾਬ ਦੀ ਆਪ ਸਰਕਾਰ ਦੀ ਮਾੜੀ ਕਾਰਗੁਜ਼ਾਰੀ 'ਤੇ ਨਰਾਜ਼ਗੀ ਪ੍ਰਗਟਾਈ ਹੈ। ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਮੀਡੀਆ ਦੀ ਆਜ਼ਾਦੀ 'ਤੇ ਵੱਧ ਰਹੇ ਹਮਲਿਆਂ 'ਤੇ ਡਾਹਢੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੱਤਰਕਾਰਾਂ ਨੂੰ ਵੀ ਆਪਣੀ ਡਿਊਟੀ ਕਰਨ ਦਾ ਜ਼ਮਹੂਰੀ ਹੱਕ ਹੈ।ਉਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਉਣ ਵਾਲਿਆਂ ਖਿਲਾਫ਼ ਵੀ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਵਰਗੇ ਮਾਮਲੇ ਦਰਜ ਕੀਤੇ ਜਾਣੇ ਚਾਹੀਦੇ ਹਨ ਅਤੇ ਸੂਬਾ ਸਰਕਾਰ ਨੂੰ ਇਸ ਸੰਬੰਧੀ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਜਾਂ ਵਿਸ਼ੇਸ਼ ਆਰਡੀਨੈੰਸ ਲਿਆਉਣ ਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਆਪਣੀ ਡਿਊਟੀ ਨਿਸ਼ਚਿੰਤ ਹੋ ਕੇ ਸੁਰੱਖਿਆ ਭਾਵਨਾ ਨਾਲ ਕਰ ਸਕੇ।ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਜੀ ਦਖਲ ਦੇ ਕੇ ਤਰਨ ਤਾਰਨ ਮਾਮਲੇ ਵਿੱਚ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ 'ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਇੰਡੀਆ' ਵੱਲੋਂ ਇਸ ਮਾਮਲੇ ਦੀ ਪੈਰਵਾਈ ਕਰ ਰਹੀ ਜਥੇਬੰਦੀ 'ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿ. ਦੀ ਡੱਟਵੀੰ ਹਿਮਾਇਤ ਕਰਨ ਦਾ ਐਲਾਨ ਕੀਤਾ ਗਿਆ।
0 Comments