ਸਾਰੇ ਸੰਸਾਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਅਕਾਲ ਪੁਰਖ ਵਾਹਿਗੁਰੂ ਸਰਬੱਤ ਦਾ ਭਲਾ ਕਰਨ - ਸੰਤ ਬਾਬਾ ਇੰਦਰ ਦਾਸ ਜੀ
ਜਲੰਧਰ/ਆਦਮਪੁਰ 07 ਮਈ (ਸੂਰਮਾ ਪੰਜਾਬ)- ਡੇਰਾ ਰਾਮਪੁਰਾ ਮੇਘੋਵਾਲ ਗੰਜਿਆਂ ਦੇ ਸੰਚਾਲਕ ਸੰਤ ਬਾਬਾ ਇੰਦਰ ਦਾਸ ਜੀ ਦੀ ਸਰਪ੍ਰਸਤੀ ਹੇਠ, ਡੇਰਾ ਪੁਬੋਆਣਾ ਪਿੰਡ ਘੁੜਿਆਲ ਜ਼ਿਲ੍ਹਾ ਜਲੰਧਰ ਵਿਖੇ ਬੰਦੀਛੋੜ ਸਤਿਗੁਰੂ ਈਸ਼ਰ ਦਾਸ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ। ਕੀਰਤਨੀ ਜਥਿਆਂ ਵਿੱਚ ਭਾਈ ਜਤਿੰਦਰ ਸਿੰਘ ਮਲਕਪੁਰ ਵਾਲੇ, ਭਾਈ ਹੀਰਾ ਸਿੰਘ ਰਤਨ ਮਾਣਕ ਢੇਰੀ ਵਾਲੇ, ਭਾਈ ਜੱਸਾ ਸਿੰਘ ਜੀ ਮੇਘੋਵਾਲ ਵਾਲੇ ਅਤੇ ਭਾਈ ਸੁਖਜਿੰਦਰ ਸਿੰਘ ਭੱਟੀ ਫਗਵਾੜਾ ਵਾਲਿਆਂ ਦੇ ਜਥੇ ਨੇ ਹਾਜ਼ਰੀ ਭਰੀ। ਇਸ ਮੌਕੇ ਪਹੁੰਚੇ ਸੰਤ ਮਹਾਂਪੁਰਸ਼ਾਂ ਵਿੱਚ ਸੰਤ ਬਾਬਾ ਮਹਿੰਦਰ ਦਾਸ ਜੀ ਮੇਘੋਵਾਲ ਵਾਲੇ, ਸੰਤ ਬਾਬਾ ਜਤਿੰਦਰ ਦਾਸ ਜੀ ਮੇਘੋਵਾਲ ਵਾਲੇ ਅਤੇ ਸੰਤ ਰਵੀ ਦਾਸ ਜੀ ਤਾਰਾਗੜ੍ਹ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ। ਸੰਤ ਬਾਬਾ ਇੰਦਰ ਦਾਸ ਜੀ ਮੇਘੋਵਾਲ ਵਾਲਿਆਂ ਨੇ ਸੰਗਤਾਂ ਨੂੰ ਸੰਤ ਬਾਬਾ ਈਸ਼ਰ ਦਾਸ ਜੀ ਦੀ ਬਾਣੀ ਨਾਲ ਜੁੜਨ ਅਤੇ ਸੇਵਾ ਸਿਮਰਨ ਕਰਨ ਨਾਲ ਲਈ ਪ੍ਰੇਰਿਤ ਕੀਤਾ। ਸੰਤ ਬਾਬਾ ਇੰਦਰ ਦਾਸ ਜੀ ਨੇ ਕਿਹਾ ਕਿ ਇਹ ਧਾਰਮਿਕ ਸਮਾਗਮ ਸਰਬੱਤ ਦੇ ਭਲੇ ਲਈ ਕਰਵਾਇਆ ਗਿਆ ਹੈ, ਸੰਤ ਬਾਬਾ ਈਸ਼ਰ ਦਾਸ ਜੀ ਸੰਗਤਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ, ਸਾਰੇ ਸੰਸਾਰ ਵਿੱਚ ਸੁੱਖ ਸ਼ਾਂਤੀ ਅਤੇ ਚੜ੍ਹਦੀਕਲਾ ਰਹੇ, ਸੰਗਤ ਨਾਮ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੇ, ਅਕਾਲ ਪੁਰਖ ਵਾਹਿਗੁਰੂ ਸਰਬੱਤ ਦਾ ਭਲਾ ਕਰਨ। ਇਸ ਮੌਕੇ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਪਿੰਡ ਘੁੜਿਆਲ, ਪਿੰਡ ਚੁਖਿਆਰਾ, ਪਿੰਡ ਮੇਘੋਵਾਲ ਅਤੇ ਹੋਰ ਦੂਰ ਦੁਰਾਡੇ ਪਿੰਡਾਂ ਤੋਂ ਆਈਆਂ ਹੋਈਆਂ ਸੰਗਤਾਂ ਨੇ ਪਾਵਨ ਅਸਥਾਨ ਦੀਆਂ ਹਾਜ਼ਰੀਆਂ ਭਰੀਆਂ ਅਤੇ ਸੇਵਾ ਸਿਮਰਨ ਦਾ ਲਾਹਾ ਲਿਆ।
0 Comments