ਅਪੀਲ ਪੰਜਾਬ ਸਰਕਾਰ ਨੂੰ... ਤਾਂ ਕਿ ਮਾਂ ਖੇਡ ਜ਼ਿੰਦਾ ਰਹੇ


ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਸਵਰਗੀ ਸੰਦੀਪ ਨੰਗਲ ਅੰਬੀਆ ਲਈ ਇਨਸਾਫ ਦੀ ਮੰਗ

ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਕੀਤੀ ਮੰਗ

ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ- ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੀ ਇਕ ਅਹਿਮ ਮੀਟਿੰਗ ਅੱਜ ਹਮਿਲਟਨ ਸ਼ਹਿਰ ਵਿਖੇ ਹੋਈ ਜਿੱਥੇ ਕਬੱਡੀ ਫੈਡਰੇਸ਼ਨ ਦੇ ਬਹੁਤਾਤ ਮੈਂਬਰ ਹਾਜ਼ਰ ਰਹੇ। ਸਥਾਨਿਕ ਗਤੀਵਿਧੀਆਂ ਤੋਂ ਇਲਾਵਾ ਜਿਹੜਾ ਮੁੱਖ ਮੁੱਦਾ ਵੀਚਾਰਿਆ ਗਿਆ ਉਹ ਇਹ ਸੀ ਸੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਜਾਏ ਕਿ ਉਹ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਅੰਤਰਰਾਸ਼ਟਰੀ ਕਬੱਡੀ ਦੇ ਪ੍ਰੋਮੋਟਰ ਸ. ਸੰਦੀਪ ਸਿੰਘ ਸੰਧੂ ਉਰਫ ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਨੂੰ ਇਨਸਾਫ ਦਿਵਾਏ। ਵਰਨਣਯੋਗ ਹੈ ਕਿ ਇਸ ਪ੍ਰਸਿੱਧ ਖਿਡਾਰੀ ਦਾ 14 ਮਾਰਚ 2022 ਨੂੰ ਪਿੰਡ ਮੱਲੀਆਂ ਖੁਰਦ ਵਿਖੇ ਕਤਲ ਕਰ ਦਿੱਤਾ ਗਿਆ ਸੀ। ਇਹ ਖਿਡਾਰੀ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਕਬੱਡੀ ਖੇਡਦਾ ਰਿਹਾ ਹੈ ਅਤੇ ਕਬੱਡੀ ਦੇ ਖਿਡਾਰੀਆਂ ਨੂੰ ਆਪਣੀ ਮਾਂ ਖੇਡ ਪ੍ਰਤੀ ਪੇ੍ਰਿਤ ਕਰਦਾ ਸੀ। 2014 ਦੇ ਵਿਚ ਇਸ ਨੇ ਵਰਲਡ ਕਬੱਡੀ ਲੀਗ ਵੀ ਸ਼ੁਰੂ ਕੀਤੀ ਸੀ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ ’ਚ ਪੁਲਿਸ ਨੇ  ਪਿਛਲੇ ਵੱਡੀ ਸਫਲਤਾ ਹਾਸਲ ਕੀਤੀ। ਪੁਲਿਸ ਨੇ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨੀਂ ਸੰਦੀਪ ਨੰਗਲ ਅੰਬੀਆ ਦੀ ਪਤਨੀ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਪਿਛਲੇ ਸਾਲ ਸਾਡੇ ਪਰਿਵਾਰ ਜਾਂ ਕਬੱਡੀ ਜਗਤ ਨਾਲ ਜੋ ਮਾੜੀ ਦੁਰਘਟਨਾ ਹੋਈ ਸੀ। ਉਸ ਬਾਰੇ ਅਜੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸੀ। ਸੋ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਵੀ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਦੀ ਜਾਂਚ-ਪੜ੍ਹਤਾਲ ਤੇਜ਼ ਕਰਵਾ ਕੇ ਅਦਾਲਤੀ ਕਾਰਵਾਈ ਤੱਕ ਪਹੁੰਚਾਇਆ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਕਿਉਂਕਿ ਕਿਸੇ ਨੂੰ ਵੀ ਇਹ ਹੱਕ ਨਹੀਂ ਹੈ ਕਿ ਉਹ ਕਿਸੇ ਦਾ ਪੁੱਤਰ, ਕਿਸੇ ਦਾ ਪਤੀ ਅਤੇ ਬੱਚਿਆਂ ਦੇ ਬਾਪ ਦੀ ਇੰਝ ਜਾਨ ਲੈ ਲਵੇ। ਇਸੀ ਤਰ੍ਹਾਂ ਮੀਟਿੰਗ ਦੇ ਵਿਚ ਇਹ ਵੀ ਮੁੱਦਾ ਵਿਚਾਰਿਆ ਗਿਆ ਕਿ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਅੰਤਰਰਾਸ਼ਟਰੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਵੀ ਫੜ ਕੇ ਸਖਤ ਤੋਂ ਸਜਾ ਦਿੱਤੀ ਜਾਵੇ।

             ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਇਲਾਵਾ ਮਾਲਵਾ ਸਪੋਰਟਸ ਕਲੱਬ, ਐਸ. ਬੀ. ਐਸ ਸਪੋਰਟਸ ਕਲੱਬ, ਬੇਅ ਆਫ ਪਲੈਂਟੀ ਸਪੋਰਟਸ ਕਲੱਬ, ਮੈਟਰੋ ਸਪੋਰਟਸ ਕਲੱਬ, ਬੌਟਨੀ ਸਪੋਰਟਸ ਕਲੱਬ, ਹਮਿਲਟਨ ਯੂਥ ਕਲੱਬ, ਚੜ੍ਹਦੀ ਕਲਾ ਸਪੋਰਟਸ ਕਲੱਬ, ਦੋਆਬਾ ਸੁਰਖਪੁਰ ਕਲੱਬ, ਅੰਬੇਡਕਰ ਸਪੋਰਟਸ ਕਲੱਬ, ਪੰਜਾਬ ਸਪੋਰਟਸ ਕਲੱਬ ਅਤੇ ਫਾਈਵ ਰਿਵਰ ਸਪੋਰਟਸ ਕਲੱਬ ਨੇ ਵੀ ਖੇਡ ਮੈਦਾਨਾਂ ਦੇ ਖੋਹ ਲਏ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।


Post a Comment

0 Comments