40 ਸਾਲ ਦੀ ਸਰਕਾਰੀ ਸੇਵਾ ਦੌਰਾਨ ਮੁਲਾਜਮਾਂ ਲਈ ਸੰਘਰਸ਼ ਕਰਦੇ ਰਹੇ ਸਵ. ਸ਼੍ਰੀ ਵੇਦ ਪ੍ਰਕਾਸ਼ ਖੋਸਲਾ


ਸ੍ਰੀ ਹਰਿਮੰਦਰ ਪ੍ਰੀਤ ਨਗਰ ਲਾਡੋਵਾਲੀ ਰੋਡ ਵਿਖੇ ਰਸਮ ਕਿਰਿਆ ਭੱਲਕੇ 18 ਜੁਲਾਈ ਨੂੰ 

ਜਲੰਧਰ 14 ਜੁਲਾਈ (ਅਮਰਜੀਤ ਸਿੰਘ)- 73 ਸਾਲ ਦੀ ਉਮਰ ਵਿਚ ਬੀਤੇ ਦਿਨੀਂ 6 ਜੁਲਾਈ 2023 ਨੂੰ ਇਸ  ਫਾਨੀ ਸੰਸਾਰ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿੰਦੇ ਹੋਏ ਪ੍ਰਭੂ ਚਰਨਾਂ ਵਿਚ ਵਿਲੀਨ ਹੋ ਗਏ ਉੱਘੇ ਸਮਾਜ ਸੇਵਕ ਅਤੇ ਪੰਚਾਇਤ ਸੰਮਤੀ ਜਿਲ੍ਹਾ ਪਰਿਸ਼ਦ ਪੈਨਸਨਰਜ਼ ਯੂਨੀਅਨ ਪੰਜਾਬ ਦੇ ਜੁਆਇੰਟ ਸਕੱਤਰ ਸ਼੍ਰੀ ਵੇਦ ਪ੍ਰਕਾਸ਼ ਖੋਸਲਾ ਜੀ ਨੇ 1968 ਤੋਂ ਲੈ ਕੇ ਜੁਲਾਈ 2008 ਤੱਕ 40 ਸਾਲ ਸਿਹਤ ਮਹਿਕਮੇ ਵਿਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਅਤੇ ਬਤੌਰ ਹੈਲਥ ਇੰਸਪੈਕਟਰ ਸੇਵਾ ਮੁਕਤ ਹੋਏ। ਉਹਨਾਂ ਦਾ ਜਨਮ 21 ਜੁਲਾਈ 1950 ਨੂੰ ਜਲੰਧਰ ਦੇ ਕਿਲਾ ਮੁਹੱਲਾ ਵਿਚ ਪਿਤਾ ਮਾਸਟਰ ਜਵਿੰਦ ਲਾਲ ਖੋਸਲਾ ਜੀ ਅਤੇ ਮਾਤਾ ਸ਼੍ਰੀਮਤੀ ਸਕੁੰਤਲਾ ਦੇਵੀ ਜੀ ਦੇ ਘਰ ਹੋਇਆ। ਉਹ ਸਿਰਫ18 ਸਾਲ ਦੀ ਉਮਰ ਵਿਚ ਹੀ ਸਰਕਾਰੀ ਸੇਵਾ ਵਿਚ ਆ ਗਏ ਸਨ। ਹਿੰਦ ਸਮਾਚਾਰ ਪੱਤਰ ਸਮੂਹ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਜੀ ਦੇ ਆਸ਼ੀਰਵਾਦ ਨਾਲ 20 ਮਈ 1973 ਵਿਚ ਪੰਜਾਬ ਕੇਸਰੀ ਜਲੰਧਰ ਵਿਖੇ ਉਨ੍ਹਾਂ ਦਾ ਸ਼ੁਭ ਆਨੰਦ ਕਾਰਜ਼ ਰੇਖਾ ਖੋਸਲਾ ਸਪੁੱਤਰੀ ਸ੍ਰੀ ਬਲਦੇਵ ਰਾਜ ਨਈਅਰ ਨਾਲ ਹੋਇਆ। ਵਿਆਹ ਉਪਰੰਤ ਉਨ੍ਹਾਂ ਦੇ ਘਰ 2 ਬੇਟਿਆਂ ਰਾਜ਼ੇਸ ਖੋਸਲਾ ਅਤੇ ਮਹੇਸ਼ ਖੋਸਲਾ ਦਾ ਜਨਮ ਹੋਇਆ। ਸਰਕਾਰੀ ਸੇਵਾ ਦੌਰਾਨ ਵੀ ਸਵ. ਸ਼੍ਰੀ ਵੇਦ ਪ੍ਰਕਾਸ਼ ਖੋਸਲਾ ਨੇ ਜਿੱਥੇ ਸਰਕਾਰੇ- ਦਰਬਾਰੇ ਮੁਲਾਜਮਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਅਤੇ ਉਨ੍ਹਾਂ ਦੇ ਹੱਕਾਂ ਲਈ ਹਮੇਸ਼ਾ ਅੱਗੇ ਹੋ ਕੇ ਸੰਘਰਸ਼ ਕੀਤਾ, ਉਥੇ ਉਹ ਧਾਰਮਿਕ ਅਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ। ਉਨ੍ਹਾਂ ਨੇ ਆਪਣੀ ਕਰਮ ਭੂਮੀ ਪਿੰਡ ਪਤਾਰਾ ਵਿਖੇ ਜਿੰਦਗੀ ਦਾ ਵੱਡਾ ਸਮਾਂ ਗੁਜਾਰਿਆ। ਇੱਥੇ ਹੀ ਉਨ੍ਹਾਂ ਨੇ ਆਪਣੇ ਦੋਵੇਂ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ। ਉਨ੍ਹਾਂ ਨੂੰ ਉੱਚ ਵਿੱਦਿਆ ਹਾਸਲ ਕਰਵਾਈ ਅਤੇ ਚੰਗੇ ਮੁਕਾਮ ‘ਤੇ ਪਹੁੰਚਾਇਆ। ਪਿੰਡ ਪਤਾਰਾ ਵਿਖੇ ਹੀ ਇਥੋਂ ਦੇ ਪ੍ਰਸਿਧ ਸਥਾਨ ਪਿੱਪਲਾਂ ਵਾਲਾ ਥੜਾ ਵਿਖੇ ਉਨ੍ਹਾਂ ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿਚ ਲੰਮਾ ਸਮਾਂ ਲਗਾਤਾਰ ਮਹਾਮਾਈ ਦੇ ਜਗਰਾਤੇ ਕਰਵਾਏ ਅਤੇ ਇਸ ਤੋਂ ਇਲਾਵਾ ਅਨੇਕਾਂ ਮੁਫਤ ਮੈਡੀਕਲ ਕੈਂਪ, ਖੂਨਦਾਨ ਕੈਂਪ, ਪਲਸ ਪੋਲੀਓ ਕੈਂਪ ਲਗਵਾਏ। 26 ਜਨਵਰੀ ਅਤੇ 15 ਅਗਸਤ ਦੇ ਸਮਾਗਮਾਂ ਸਮੇਤ ਹੋਰ ਵੀ ਅਜਿਹੇ ਕਈ ਵੱਡੇ ਕਾਰਜ ਕਰਵਾਏ ਜੋ ਯਾਦਗਾਰੀ ਬਣ ਗਏ। ਪਿੱਪਲਾਂ ਵਾਲੇ ਥੜ੍ਹੇ ‘ਤੇ ਹੀ ਛਿੰਨ ਮਸਤਿਕਾ ਮਾਤਾ ਸ਼੍ਰੀ ਚਿੰਤਪੁਰਨੀ ਜੀ ਦੇ ਮੰਦਰ ਦੀ ਸਥਾਪਨਾ ਕਰਵਾਈ। ਭਾਵੇਂ 2005 ਵਿਚ ਉਹ ਪਿੰਡ ਪਤਾਰਾ ਛੱਡ ਕੇ ਜਲੰਧਰ ਸ਼ਹਿਰ ਵਿਖੇ ਆ ਵਸੇ ਪਰ ਇਸਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਕਰਮ ਭੂਮੀ ਪਿੰਡ ਪਤਾਰਾ ਨਾਲ ਆਪਣਾ ਮੋਹ ਬਰਕਰਾਰ ਰੱਖਿਆ। ਅੱਤਵਾਦ ਦੌਰਾਨ ਪੰਜਾਬ ਦੇ ਮਾੜੇ ਸਮੇਂ ਵਿਚ ਵੀ ਉਨ੍ਹਾਂ ਵਲੋਂ ਪਿੰਡ ਪਤਾਰਾ ਵਿਖੇ ਜਾਰੀ ਰੱਖੇ ਗਏ ਧਾਰਮਿਕ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਪਿੰਡ ਦੇ ਲੋਕ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਕਈ ਮਹੱਤਵਪੂਰਨ ਮਿਸਾਲਾਂ ਦਿੰਦੇ ਹੋਏ ਨਹੀਂ ਥੱਕਦੇ। ਉਹ ਹਰ ਸਾਲ ਸਾਵਨ ਮਹੀਨੇ ਵਿਚ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਊਨਾਂ ਦੀ ਤਹਿਸੀਲ ਅੰਬ ਵਿਚ ਸਥਿਤ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਵਿਚ ਸਾਵਨ ਅਸ਼ਟਮੀ ਦੇ ਪਾਵਨ ਮੇਲੇ ਵਿਚ ਪਿੰਡ ਪਤਾਰਾ ਦੇ ਲੋਕਾਂ ਨਾਲ ਮਹਾਂਮਾਈ ਦਾ ਝੰਡਾ ਲੈ ਕੇ ਵੀ ਜਾਂਦੇ ਸਨ। ਸਵ. ਸ੍ਰੀ ਵੇਦ ਪ੍ਰਕਾਸ਼ ਖੋਸਲਾ ਜੀ ਦੀ ਰਸਮ ਕਿਰਿਆ 18 ਜੁਲਾਈ 2023 ਦਿਨ ਮੰਗਲਵਾਰ ਨੂੰ ਸ੍ਰੀ ਹਰਿਮੰਦਰ ਪ੍ਰੀਤ ਨਗਰ (ਗਲੀ ਨੰਬਰ-1) ਨਜਦੀਕ ਲਾਡੋਵਾਲੀ ਰੋਡ ਰੇਲਵੇ ਫਾਟਕ (ਜਲੰਧਰ) ਵਿਖੇ ਹੋਵੇਗੀ। 


Post a Comment

0 Comments