12 ਅਗਸਤ ਦਿਨ ਸ਼ਨੀਵਾਰ ਨੂੰ ਅੰਤਿਮ ਅਰਦਾਸ ਤੇ ਵਿਸ਼ੇਸ਼


ਰੂਹਾਨੀ ਸ਼ਖ਼ਸੀਅਤ ਅਤੇ ਸੇਵਾ ਦੇ ਮਹਾਂਸਾਗਰ ਸਨ, ਸੰਤ ਬਾਬਾ ਬਲਬੀਰ ਸਿੰਘ ਰੱਬ ਜੀ ਜਿਆਣ ਵਾਲੇ

ਸੇਵਾ ਦੇ ਪੁੰਜ, ਮਹਾਂਪਰਉਪਕਾਰੀ, ਸੇਵਾ ਸਿਮਰਨ ਦੇ ਮੁਜੱਸਮਾ, ਸ਼ਾਂਤ ਚਿੱਤ, ਮਹਾਨ ਉੱਜਲ ਆਤਮਾ, ਨਿਰਮਲ ਭੇਖ ਦੇ ਨਾਇਕ, ਸਿੱਖ ਪੰਥ, ਸਰਬੱਤ ਦੇ ਭਲੇ ਕਾਰਜਾ ਤੇ ਗੁਰਮਤਿ ਪ੍ਰਚਾਰ ਨੂੰ ਸਮਰਪਿਤ, ਪਰਮ ਪੂਜਨੀਕ, ਰੂਹਾਨੀ ਸ਼ਖਸ਼ੀਅਤ ਦੇ ਮਾਲਕ, ਮਹਾਨ ਤਪੱਸਵੀ ਸੰਤ ਬਾਬਾ ਹਰਨਾਮ ਸਿੰਘ ਜੀ ਜਿਆਣ, ਗੁਰਦੁਆਰਾ ਡੇਰਾ ਸ਼੍ਰੀ ਅੰਗੀਠਾ ਸਾਹਿਬ ਨਿਰਮਲ ਕੁਟੀਆ ਜਿਆਣ ਦੇ ਮੁੱਖ ਸੰਚਾਲਕ ਸੰਤ ਬਾਬਾ ਬਲਬੀਰ ਸਿੰਘ ਰੱਬ ਜੀ ਦਾ ਜਨਮ, ਸੱਤਵੇਂ ਪਾਤਸ਼ਾਹ ਜੀ ਦੀ ਪਾਵਨ ਚਰਨ ਛੋ੍ਹਹ ਪ੍ਰਾਪਤ ਜਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਇਤਿਹਾਸਕ ਨਗਰ ਸੰਧਵਾਂ ਵਿਖੇ ਧਾਰਮਿਕ ਵਿਚਾਰਾਂ ਵਾਲੇ ਪਰਿਵਾਰ ਵਿੱਚ ਸਨ 1942 ਨੂੰ ਪਿਤਾ ਸ. ਨਿਰੰਜਣ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖ ਤੋਂ ਹੋਇਆ। ਆਪ ਜੀ ਬਚਪਨ ਤੋਂ ਹੀ ਗੁਰੂ ਘਰ ਪ੍ਰਤੀ ਸ਼ਰਧਾ, ਸੇਵਾ, ਸਿਮਰਨ ਤੇ ਮਹਾਂਪੁਰਖਾਂ ਦੇ ਪਿਆਰ ਨੇ ਉਨ੍ਹਾਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੇ ਸਾਰੀ ਉਮਰ ਗੁਰੂਆਂ ਵੱਲੋਂ ਦਰਸਾਏ ਸੱਚੇ-ਸੁੱਚੇ ਮਾਰਗ ਤੇ ਚੱਲਦਿਆਂ ਗੁਰਮਤਿ ਪ੍ਰਚਾਰ ਤੇ ਦੀਨ ਦੁਖੀਆਂ ਦੀ ਸੇਵਾ ਵਿੱਚ ਹੀ ਲਗਾ ਦਿੱਤੀ। ਸੰਤ ਬਾਬਾ ਬਲਬੀਰ ਸਿੰਘ ਰੱਬ ਜੀ ਨੇ ਹੋਤੀ ਮਰਦਾਨ ਸੰਪਰਦਾ ਦੇ ਮੁੱਖੀ ਸੰਤ ਬਾਬਾ ਕਰਮ ਸਿੰਘ ਜੀ ਦੇ ਪਰਮ ਸੇਵਕ ਸੰਤ ਬਾਬਾ ਹਰਨਾਮ ਸਿੰਘ ਜੀ ਜਿਆਣ ਵਾਲਿਆਂ ਤੋਂ ਵਰੋਸਾਏ ਮਹਾਨ ਪਰਉਪਕਾਰੀ ਸ਼ਾਂਤੀ ਦੇ ਪੁੰਜ ਬਾਬਾ ਦਲੇਲ ਸਿੰਘ ਜੀ, ਪਿੰਡੋਂ ਮਜਾਰਾ ਵਾਲਿਆਂ ਨੇ ਅਜਿਹੀ ਲਗਣ ਲਗਾਈ ਕੇ ਅੱਜ ਪੂਰੀ ਦੁਨੀਆਂ ਵਿਚ ਗੁ. ਡੇਰਾ ਸ਼੍ਰੀ ਅੰਗੀਠਾ ਸਾਹਿਬ ਨਿਰਮਲ ਕੁਟੀਆ ਜਿਆਣ ਨੂੰ ਗੁਰਮਤਿ ਪ੍ਰਚਾਰ ਦਾ ਅਧਿਆਤਮਕ ਕੇਂਦਰ ਤੌਰ ਤੇ ਜਾਣਿਆ ਜਾਂਦਾ ਹੈ। ਸੰਤ ਬਾਬਾ ਬਲਵੀਰ ਸਿੰਘ ਰੱਬ ਜੀ ਨੇ ਗੁਰੂ ਘਰ ਵਿੱਚ ਪਾਵਨ ਡੇਰੇ ਦੀ ਬੜੀ ਸੁੰਦਰ ਤੇ ਰਮਣੀਕ ਇਮਾਰਤ ਦੀ ਉਸਾਰੀ, ਸ਼੍ਰੀ ਅੰਗੀਠਾ ਸਾਹਿਬ ਲੰਗਰ ਹਾਲ, ਬਹੁਤ ਸਾਰੇ ਰਿਹਾਇਸ਼ੀ ਕਮਰੇ, ਡੇਰੇ ਦੇ ਵਿਕਾਸ ਦੀ ਸ਼ਾਨ ਨੂੰ ਚਾਰ ਚੰਦ ਲਾਏ। ਆਪ ਜੀ ਸੰਤ ਬਾਬਾ ਦਲੇਲ ਸਿੰਘ ਜੀ ਦੀ ਹਜ਼ੂਰੀ ਵਿੱਚ ਬਹੁਤ ਕਾਫੀ ਸਮਾਂ ਰਹਿ ਕੇ ਕਥਾ ਕੀਰਤਨ ਅਤੇ ਸਿੱਖੀ ਪ੍ਰਚਾਰਕ ਰਾਹੀਂ ਅਣਥੱਕ ਸੇਵਾ ਕੀਤੀ। ਟੁੱਟੋ ਮੁਜਾਰਾ ਤੋਂ ਸੰਤ ਦਲੇਲ ਸਿੰਘ ਜੀ ਦੀ ਆਗਿਆ ਪਾ ਕੇ ਆਪ ਜੀ ਡੇਰਾ ਅੰਗੀਠਾ ਸਾਹਿਬ ਨਿਰਮਲ ਕੁਟੀਆ ਪਹੁੰਚ ਗਏ। ਇਸ ਅਸਥਾਨ ਤੇ ਆਪ ਜੀ ਨੇ ਬੜੀ ਮਿਹਨਤ ਕਰਕੇ ਖੇਤੀਬਾੜੀ ਦੇ ਨਾਲ ਕਥਾ ਕੀਰਤਨ ਰਾਹੀਂ ਬੇਅੰਤ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸੰਤ ਬਾਬਾ ਬਲਵੀਰ ਸਿੰਘ ਜੀ ਨੇ ਦਰਬਾਰ ਸਾਹਿਬ ਦੀ ਸ਼ਾਨਦਾਰ ਇਮਾਰਤ ਦੀ ਉਸਾਰੀ ਉਪਰੰਤ ਕਲਗੀਧਰ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਪਾਵਨ ਚਰਨ ਦੀ ਛੋਹ ਪ੍ਰਾਪਤ ਪਿੰਡ ਬੱਸੀ ਕਲਾਂ ਵਿਖੇ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੀ ਬਹੁਤ ਹੀ ਰਮਣੀਕ ਉਸਾਰੀ ਕਰਵਾਈ। ਸਿੱਖੀ ਪ੍ਰਚਾਰ ਲਈ ਦੇਸ਼ ਤੋਂ ਇਲਾਵਾ ਇੰਗਲੈਂਡ, ਉਥੋਂ ਦੀਆਂ ਸੰਗਤਾਂ ਨਾਲ ਮਿਲ ਕੇ ਗੁਰਮੁੱਖ ਪਿਆਰੇ ਸ. ਗੁਰਦੀਪ ਸਿੰਘ ਪੱਟੀ ਵਾਲੇ ਜਰਨੈਲ ਸਿੰਘ ਰਾਣਾ ਦੇ ਸਹਿਯੋਗ ਨਾਲ ਪਿਛਲੇ ਲੱਗਭਗ 40 ਸਾਲ ਤੋਂ ਦਿਨ ਰਾਤ ਇਕ ਕਰਕੇ ਜਿੰਦਗੀ ਦੇ ਅੰਤ ਸਵਾਸਾਂ ਤੱਕ ਮਹਾਨ ਸੇਵਾ ਕਰਕੇ ਪਰਉਪਕਾਰੀ ਕਾਰਜ ਕੀਤੇ। ਉਨ੍ਹਾਂ ਆਉਣ ਵਾਲੇ ਸਮੇਂ ਦੀ ਪਛਾਣ ਕਰਦਿਆਂ ਪਾਵਨ ਅਸਥਾਨ ਡੇਰਾ ਸ਼੍ਰੀ ਅੰਗੀਠਾ ਸਾਹਿਬ ਨਿਰਮਲ ਕੁਟੀਆ ਦੀ ਦੇਖਰੇਖ ਪ੍ਰਬੰਧਕੀ ਸਮੂਹ ਸੇਵਾ, ਸਮੂਹ ਸੰਤ ਸਮਾਜ ਤੇ ਸੰਗਤਾਂ ਦੇ ਭਾਰੀ ਇਕੱਠ ਵਿਚ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਡੇਰੇ ਦੀ ਸੇਵਾ ਨਿੱਭਾ ਰਹੇ ਸੰਤ ਬਲਰਾਜ ਸਿੰਘ ਜੀ ਤੇ ਬੀਬੀ ਗਗਨਦੀਪ ਕੌਰ ਨੂੰ ਪੱਕੇ ਤੌਰ ਤੇ 11 ਮਈ 2022 ਨੂੰ ਬਖਸ਼ਿਸ਼ ਕਰ ਦਿੱਤੀ। ਖੇਤੀਬਾੜੀ ਤੋਂ ਇਲਾਵਾ ਵਿਦਿਆ ਦੇ ਖੇਤਰ ਵਿੱਚ ਵੀ ਸਿੱਖੀ ਪ੍ਰਚਾਰ ਸਹਿਤ ਮਹਾਨ ਕਾਰਜ ਕੀਤੇ। ਸੇਵਾ ਸਿਮਰਨ ਤੇ ਸੰਗਤਾਂ ਨੂੰ ਨਾਮ ਜਪਾਉਂਦਿਆਂ ਸੰਤ ਬਾਬਾ ਬਲਬੀਰ ਸਿੰਘ ਰੱਬ ਜੀ 27ਜੁਲਾਈ2023 ਨੂੰ ਇਸ ਦੁਨੀਆਂ ਤੋਂ ਰੁਖਸਤ ਹੋ ਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ। ਸੰਤ ਬਾਬਾ ਬਲਬੀਰ ਸਿੰਘ ਰੱਬ ਦੇ ਨਮਿਤ ਰੱਖੇ ਸਹਿਜਪਾਠ ਸਾਹਿਬ ਜੀ ਦੇ ਭੋਗ, ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਦਿਨ ਦੇ 12 ਵਜੇ ਤੋਂ ਸੰਤ ਬਲਰਾਜ ਸਿੰਘ ਤੇ ਬੀਬੀ ਗਗਨਦੀਪ ਕੌਰ ਦੀ ਅਗਵਾਈ ਵਿੱਚ ਡੇਰਾ ਸ਼੍ਰੀ ਅੰਗੀਠਾ ਸਾਹਿਬ ਨਿਰਮਲ ਕੁਟਿਆ ਜਿਆਣ ਜਿਲ੍ਹਾ ਹੁਸ਼ਿਆਰਪੁਰ ਵਿਖੇ 12 ਅਗਸਤ ਦਿਨ ਸ਼ਨੀਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋਵੇਗੀ। ਇਸ ਮੌਕੇ ਸ਼ਰਧਾਂਜਲੀ ਸਮਾਗਮ ਵਿੱਚ ਨਗਰ ਨਿਵਾਸੀ ਸੰਗਤਾਂ, ਪੰਥਕ ਵਿਦਵਾਨ, ਸੰਤ ਮਹਾਂਪੁਰਖ ਅਤੇ ਸਿੱਖ ਸੰਪਰਦਾਵਾਂ ਦੇ ਮੁਖੀ ਰੱਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਇਸ ਮੌਕੇ ਤੇ ਗੁਰੂ ਘਰ ਵਿਖੇ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। 

ਰਣਧੀਰ ਸਿੰਘ ਸੰਬਲ ਫੋਨ 84378-04150 


Post a Comment

0 Comments