ਹੇਸਟਿੰਗਜ਼ ਗੁਰਦੁਆਰਾ ਸਾਹਿਬ ਦਾ ਸਮਾਜਿਕ ਕਾਰਜਾਂ ਲਈ ਕੌਂਸਿਲ ਵੱਲੋਂ ਸਨਮਾਨ


 ਹੇਸਟਿੰਗਜ਼ ਦੀ ਮੇਅਰ ਸਾਂਡਰਾ ਹੇਜਲ ਨੇ ਪ੍ਰਬੰਧਕਾਂ ਨੂੰ ਐਵਾਰਡ ਭੇਟ ਕੀਤਾ

-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ,31 ਅਗਸਤ, 2023: ਗੁਰਬਾਣੀ ਜਿੱਥੇ ਰੂਹਾਨੀਅਤ ਦਾ ਸੋਮਾ ਹੈ, ਉਥੇ ਸੰਸਾਰ ਦੇ ਵਿਚ ਬਾਹਰੀ ਪਦਾਰਥਾਂ ਸੰਗ ਵਿਰਚਦਿਆਂ ਜੀਵਨ ਜਾਚ ਨੂੰ ‘ਕਿਰਤ ਕਰੋ’, ‘ਨਾਮ ਜਪੋ’ ਅਤੇ ‘ਵੰਡ ਛਕੋ’ ਦੇ ਸੰਦਰਭ ਵਿਚ ਬਤੀਤ ਕਰਨ ਦਾ ਬਲ ਵੀ ਬਖਸ਼ਦੀ ਹੈ। ਦੇਸ਼-ਵਿਦੇਸ਼ ਸਥਾਪਿਤ ਗੁਰਦੁਆਰਾ ਸਾਹਿਬਾਨ ਆਪਣੇ ਪਰਉਪਕਾਰੀ ਯਤਨਾਂ (ਵਿਚਿ ਦੁਨੀਆ ਸੇਵ ਕਮਾਈਐ) ਵਿਚ ਭਾਵੇਂ ਹਮੇਸ਼ਾਂ ਨਿਸ਼ਕਾਮ ਭਾਵਨਾ ਨਾਲ ਲੱਗੇ ਰਹਿੰਦੇ ਹਨ ਪਰ ਪਾਰਖੂ ਸਰਕਾਰੀ ਨਜ਼ਰਾਂ ਬਣਦਾ ਸਤਿਕਾਰ ਕਰਨਾ ਕਦੇ ਨਹੀਂ ਭੁੱਲਦੀਆਂ। ਅਜਿਹਾ ਹੀ ਸਤਿਕਾਰ ਗੁਰਦੁਆਰਾ ਸਾਹਿਬ ਹੇਸਟਿੰਗਜ਼ ਨੂੰ ਸਥਾਨਕ ਕੌਂਸਿਲ ਵੱਲੋਂ ‘ਨਾਗਰਿਕ ਸਨਮਾਨ’ ਭੇਟ ਕਰਕੇ ਕੀਤਾ ਗਿਆ ਹੈ।
ਨਾਗਰਿਕ ਸਨਮਾਨ (ਸਿਵਿਕ ਆਨਰਜ਼) ਕੀ ਹੈ?
ਨਾਗਰਿਕ ਸਨਮਾਨ (ਸਿਵਿਕ ਆਨਰਜ਼) ਰਾਹੀਂ ਉਹਨਾਂ ਲੋਕਾਂ ਜਾਂ ਸੰਸਥਾਵਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੀ ਨਿੱਜੀ ਅਗਵਾਈ, ਪ੍ਰੇਰਨਾ, ਕੁਰਬਾਨੀ ਜਾਂ ਕਿਸੇ ਸਮਾਜਿਕ ਉਦੇਸ਼ ਲਈ ਸਮਰਪਣ ਕਰਕੇ, ਭਾਈਚਾਰਕ ਭਲਾਈ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੁੰਦਾ ਹੈ।
ਇਹ ਮਾਨ-ਸਨਮਾਨ ਇਸ ਵਾਰ ਹੇਸਟਿੰਗਜ਼ ਕੌਂਸਿਲ ਦੇ ਸਲਾਨਾ ਐਵਾਰਡ ਸਮਾਰੋਹ ਵਿਚ ‘ਹੇਸਟਿੰਗਜ਼ ਸਿੱਖ ਟੈਂਪਲ’ (ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼) ਨੂੰ ਭੇਟ ਕੀਤਾ ਗਿਆ। ਹੇਸਟਿੰਗਜ਼ ਦੀ ਮੇਅਰ ਸਾਂਡਰਾ ਹੇਜਲਹਰਟਸ  ਨੇ ਜਿੱਥੇ ਬਾਕੀ ਕੌਂਸਲਰਾਂ ਦੀ ਹਾਜ਼ਰੀ ਵਿਚ ਇਹ ਐਵਾਰਡ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਰਨੈਲ ਸਿੰਘ, ਸਕੱਤਰ ਲਖਬੀਰ ਸਿੰਘ ਢਿੱਲੋਂ, ਮੀਤ ਸਕੱਤਰ ਜਗਦੀਪ ਸਿੰਘ ਜੱਜ, ਖਜ਼ਾਨਚੀ ਸ. ਰਣਜੀਤ ਸਿੰਘ ਜੀਤਾ, ਬੂਟਾ ਸਿੰਘ ਬਰਾੜ, ਮਹਿੰਦਰ ਸਿੰਘ ਨਾਗਰਾ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਦੇ ਜੱਥੇ ਭਾਈ ਗੁਰਨਾਮ ਸਿੰਘ, ਭਾਈ ਹਰਪ੍ਰੀਤ ਸਿੰਘ ਅਤੇ ਭਾਈ ਓਂਕਾਰ ਸਿੰਘ ਹੋਰਾਂ ਨੂੰ ਭੇਟ ਕੀਤਾ ਉਥੇ ਗੁਰਦੁਆਰਾ ਸਾਹਿਬ ਕਮੇਟੀ ਨੇ ਇਸ ਨੂੰ ਸਮੂਹ ਸੰਗਤ ਦੇ ਉਮਦ ਨੂੰ ਸਮਰਪਿਤ ਕੀਤਾ।
 ਇਸ ਮੌਕੇ ਸਿਹਤ ਵਿਭਾਗ ਦੇ ਵਿਚ ਬਹੁਤ ਸੋਹਣਾ ਕੰਮ ਕਰ ਰਹੀ ਦਮਨਜੋਤ ਕੌਰ, ਉਨ੍ਹਾਂ ਦੇ ਮਾਤਾ, ਪਿਤਾ ਸ. ਪਰਮਜੀਤ ਸਿੰਘ ਤੇ ਸਮਾਜ ਸੇਵਕ ਗੁਰਸ਼ਰਨ ਸਿੰਘ ਵੀ ਹਾਜ਼ਿਰ ਸਨ। ਇਹ ਨਾਗਰਿਕ ਸਨਮਾਨ ਐਵਾਰਡ ਹੇਸਟਿੰਗ ਸਿੱਖ ਸੁਸਾਇਟੀ ਅਤੇ ਸਮੂਹ ਸੰਗਤ ਵੱਲੋਂ ਕਰੋਨਾ ਕਾਲ ਦੌਰਾਨ ਫ੍ਰੀ ਫੂਡ ਪਾਰਸਲ, ਵੈਕਸੀਨ ਟੀਕਾਕਰਣ, ਗੈਬਰੀਅਲ ਤੂਫਾਨ ਦੌਰਾਨ ਭਾਈਚਾਰੇ ਦੀ ਬਹੁ-ਪ੍ਰਕਾਰੀ ਸਹਾਇਤਾ ਅਤੇ ਪੀਣਯੋਗ ਪਾਣੀ ਦੀ ਕਿੱਲਤ (ਗੰਦਾ ਪਾਣੀ) ਵੇਲੇ ਮੁਫਤ ਪਾਣੀ ਦੀ ਸੇਵਾ ਕਰਨ ਬਦਲੇ ਭੇਟ ਕੀਤਾ ਗਿਆ। ਮੇਅਰ ਨੇ ਆਪਣੇ ਵੱਲੋਂ ਪ੍ਰਕਾਸ਼ਿਤ ਕਰਵਾਏ ਗਏ ਪਰਚੇ ਦੇ ਵਿਚ ਹੇਸਟਿੰਗ ਸਿੱਖ ਸੁਸਾਇਟੀ ਦੇ ਕੀਤੇ ਕਾਰਜਾਂ ਦੀ ਭਰਪੂਰ ਸਲਾਹਣਾ ਕੀਤੀ । ਅਜਿਹੇ ਪਰਚੇ ਇਕ ਇਤਿਹਾਸਕ ਦਸਤਾਵੇਜ ਹੋ ਨਿਬੜਦੇ ਹਨ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਕਿਸੇ ਵੇਲੇ ਹੋਏ ਸਮਾਜਿਕ ਕਾਰਜਾਂ ਦੀ ਸੂਚੀ ਬਨਾਉਣ ਵਿਚ ਲੱਗੇਗੀ। ਗੁਰਦੁਆਰਾ ਕਮੇਟੀ ਨੇ ਸਮੂਹ ਸਾਧ ਸੰਗਤ ਅਤੇ ਸਹਾਇਤਾ ਦੇ ਵਿਚ ਸਹਿਯੋਗ ਕਰਨ ਵਾਲੇ ਹਰਕੇ ਵਿਅਕਤੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

Post a Comment

0 Comments