ਡੇਂਗੂ ਫੈਲਣ ਦਾ ਮੁੱਖ ਕਾਰਨ ਜੀ.ਟੀ ਰੋਡ ਫਲਾਈਓਵਰ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣਾ : ਵਾਲੀਆ


ਫਗਵਾੜਾ 24 ਅਗਸਤ (ਸ਼ਿਵ ਕੋੜਾ)-
ਸਥਾਨਕ ਜੀ.ਟੀ ਰੋਡ ’ਤੇ ਬਣੇ ਨੈਸ਼ਨਲ ਹਾਈਵੇਅ ਫਲਾਈਓਵਰ ਦੇ ਆਲੇ-ਦੁਆਲੇ ਅਤੇ ਪੁਲ ਦੇ ਹੇਠਾਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਡੇਂਗੂ ਦਾ ਮੁੱਖ ਕਾਰਨ ਦੱਸਦਿਆਂ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਨਗਰ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਫਲਾਈਓਵਰ ਬਣਾਉਣ ਦਾ ਸਿਹਰਾ ਲੈਣ ਵਾਲੇ ਵੱਡੇ ਲੀਡਰਾਂ ਨੂੰ ਸ਼ਹਿਰ ਦੀ ਇਹ ਵੱਡੀ ਸਮੱਸਿਆ ਨਜ਼ਰ ਨਹੀਂ ਆਉਂਦੀ? ਜੇਕਰ ਉਹ ਇਸ ਸਮੱਸਿਆ ਤੋਂ ਅਣਜਾਣ ਹਨ ਤਾਂ ਹੈਰਾਨੀ ਦੀ ਗੱਲ ਹੈ ਤੇ ਜੇਕਰ ਉਹ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਬੰਦ ਕਰੀ ਬੈਠੇ ਹਨ ਤਾਂ ਇਸ ਨੂੰ ਫਗਵਾੜਾ ਸ਼ਹਿਰ ਦੀ ਤ੍ਰਾਸਦੀ ਮੰਨਿਆ ਜਾਵੇਗਾ। ਬੰਟੀ ਵਾਲੀਆ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਅਤੇ ਪੁਲ ਬਣਾਉਣ ਵਾਲੀ ਕੰਪਨੀ ਨੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ, ਜਿਸ ਦਾ ਖ਼ਮਿਆਜ਼ਾ ਫਗਵਾੜਾ ਵਾਸੀਆਂ ਨੂੰ ਹਰ ਸਾਲ ਭੁਗਤਣਾ ਪੈਂਦਾ ਹੈ ਕਿਉਂਕਿ ਥੋੜ੍ਹੀ ਜਿਹੀ ਬਾਰਿਸ਼ ਤੋਂ ਬਾਅਦ ਵੀ ਪੁਲ ਦੇ ਹੇਠਾਂ ਅਤੇ ਦੋਵੇਂ ਪਾਸੇ ਸਰਵਿਸ ਲੇਨ ’ਤੇ ਲੰਬੇ ਸਮੇਂ ਤੋਂ ਖੜ੍ਹਾ ਪਾਣੀ ਡੇਂਗੂ ਦੀ ਫੈਕਟਰੀ ਬਣ ਗਿਆ ਹੈ। ਇਹੀ ਕਾਰਨ ਹੈ ਕਿ ਹਰ ਸਾਲ ਇਹ ਮਹਾਂਮਾਰੀ ਸ਼ਹਿਰ ਵਿੱਚ ਫੈਲਦੀ ਹੈ। ਕਈ ਲੋਕ ਡੇਂਗੂ ਦਾ ਸ਼ਿਕਾਰ ਹੋ ਜਾਨ ਗੁਆ ਚੁੱਕੇ ਹਨ। ਉਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਦੇ ਨੇੜੇ ਮਾਡਲ ਟਾਊਨ ਖੇਤਰ ‘ਚ ਪਾਣੀ ਖੜਨ ਲਈ ਐਨ.ਐਚ.ਆਈ.ਏ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੱਸਿਆ ਕਿ ਜਦੋਂ ਉਨ੍ਹਾਂ ਇਸ ਸਮੱਸਿਆ ਸਬੰਧੀ ਅਥਾਰਟੀ ਦੇ ਅਧਿਕਾਰੀਆਂ ਤੋਂ ਪੁੱਛਿਆ ਤਾਂ ਅਧਿਕਾਰੀਆਂ ਵਲੋਂ ਕਿਸ ਤਰ੍ਹਾਂ ਦਾ ਭਰੋਸਾ ਦੇਣ ਦੀ ਬਜਾਏ ਉਲਟਾ ਉਨ੍ਹਾਂ ਤੋਂ ਸਮੱਸਿਆ ਦੇ ਹੱਲ ਬਾਰੇ ਪੁੱਛਿਆ ਜਾਣ ਲੱਗਾ। ਸਾਬਕਾ ਕੌਂਸਲਰ ਵਾਲੀਆ ਨੇ ਕਾਰਪੋਰੇਸ਼ਨ ਫਗਵਾੜਾ ਤੋਂ ਵੀ ਮੰਗ ਕੀਤੀ ਕਿ ਮੀਂਹ ਦੇ ਖੜ੍ਹੇ ਪਾਣੀ ਵਿੱਚ ਘੱਟੋ-ਘੱਟ ਦਵਾਈ ਦਾ ਛਿੜਕਾਅ ਜ਼ਰੂਰ ਕੀਤਾ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋਵੇ। ਉਨ੍ਹਾਂ ਨਗਰ ਕੌਂਸਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਵੀ ਮੰਗ ਕੀਤੀ ਹੈ ਕਿ ਵਾਰਡ ਪੱਧਰ ’ਤੇ ਫੋਗਿੰਗ ਕਰਵਾਈ ਜਾਵੇ ਅਤੇ ਘਰਾਂ ਵਿੱਚ ਡੋਰ-ਟੂ-ਡੋਰ ਚੈਕਿੰਗ ਮੁਹਿੰਮ ਚਲਾ ਕੇ ਡੇਂਗੂ ਦੇ ਲਾਰਵੇ ਨੂੰ ਨਸ਼ਟ ਕੀਤਾ ਜਾਵੇ।

Post a Comment

0 Comments