ਪਿੰਡ ਖਜੂਰਲਾ ਵਿਖੇ ਚਿੱਟੀ ਰੋੜੀ ਢੰਡਾ ਜਠੇਰਿਆਂ ਦਾ ਸ਼ਰਾਧ ਮੇਲਾ ਉਤਸ਼ਾਹ ਨਾਲ ਮਨਾਇਆ


ਫਗਵਾੜਾ 16 ਅਕਤੂਬਰ (ਬਿਊਰੌ)-
ਚਿੱਟੀ ਰੋੜੀ ਢੰਡਾ ਜਠੇਰੇ ਪਿੰਡ ਖਜੂਰਲਾ ਤਹਿਸੀਲ ਫਗਵਾੜਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਢੰਡਾ ਪਰਿਵਾਰਾਂ ਦੇ ਸਹਿਯੋਗ ਨਾਲ ਸਲਾਨਾ ਸ਼ਰਾਧ ਮੇਲਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਮੁੱਖ ਸੇਵਾਦਾਰ ਬਾਬਾ ਜੈ ਨਰਾਇਣ ਰਾਮ ਵਲੋਂ ਸਰਬੱਤ ਦੇ ਭਲੇ ਅਤੇ ਸਮੂਹ ਢੰਡਾ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਤੇ ਉਪਰੰਤ ਧਾਰਮਿਕ ਸਟੇਜ ਸਜਾਈ ਗਈ। ਜਿਸ ਵਿਚ ਮਿਸ਼ਨਰੀ ਗਾਇਕ ਕਮਲ ਤੱਲ੍ਹਣ ਨੇ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਵਿਚ ਜੋਸ਼ ਦਾ ਸੰਚਾਰ ਕੀਤਾ। ਇਸ ਤੋਂ ਇਲਾਵਾ ਗਾਇਕ ਅਮਰਜੀਤ ਖੈੜਾ, ਗਾਇਕ ਜੋੜੀ ਚੀਮਾ ਅਤੇ ਬੀਬਾ ਨੂਰੀ, ਦਿਲਪ੍ਰੀਤ, ਰਾਜਪ੍ਰੀਤ ਚਮਕ, ਸਾਬਰੀ ਸਾਬ, ਸੁਨੀਤਾ ਬਸਰਾ ਫਗਵਾੜਾ ਅਤੇ ਲਵਿਸ਼ ਚੌਹਾਨ ਨੇ ਧਾਰਮਿਕ ਗੀਤਾਂ ਨਾਲ ਭਰਪੂਰ ਹਾਜਰੀ ਲਗਵਾਈ। ਸਮਾਗਮ ਦੌਰਾਨ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਅਤੇ ਰਾਜਵਿੰਦਰ ਕੌਰ ਸੂਬਾ ਸਕੱਤਰ ਆਮ ਆਦਮੀ ਪਾਰਟੀ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਤੋਂ ਇਲਾਵਾ ਲੋਕਸਭਾ ਇੰਚਾਰਜ ਅਸ਼ਵਨੀ ਕੁਮਾਰ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਉਹਨਾਂ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਹਾਜਰੀਨ ਨੂੰ ਦੱਸਿਆ ਅਤੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਸਰਕਾਰ ਵਲੋਂ ਪੂਰੇ ਕੀਤੇ ਜਾ ਰਹੇ ਹਨ। ਇਸ ਦੌਰਾਨ ਢੰਡਾ ਜਠੇਰਿਆਂ  ਦੀ ਕੱਚੀ ਸੜਕ ਨੂੰ ਪੱਕਾ ਕਰਨ ਵਾਸਤੇ ਪ੍ਰੰਬਧਕ ਕਮੇਟੀ ਵਲੋਂ ਮਾਰਕਿਟ ਕਮੇਟੀ ਚੇਅਰਮੈਨ ਤਵਿੰਦਰ ਰਾਮ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਤੇ ਉਨ੍ਹਾਂ ਭਰੋਸਾ ਦੁਆਇਆ ਕਿ ਸੜਕ ਨੂੰ ਜਲਦ ਹੀ ਪੱਕਾ ਕੀਤਾ ਜਾਵੇਗਾ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ, ਸਹਿਯੋਗੀਆਂ, ਸੇਵਾਦਾਰਾਂ ਅਤੇ ਕਲਾਕਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਬਿੱਟੂ ਮੇਹਟਾਂ ਵਲੋਂ ਬਾਖੂਬੀ ਨਿਭਾਈ ਗਈ। ਸੇਵਾਦਾਰਾਂ ਵਲੋਂ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਅਖੀਰ ਵਿਚ ਕਮੇਟੀ ਪ੍ਰਧਾਨ ਸੋਮਨਾਥ ਢੰਡਾ ਕੋਟ ਕਲਾਂ ਅਤੇ ਉਪ ਪ੍ਰਧਾਨ ਗੁਰਬਖਸ਼ ਢੰਡਾ ਹਰੀਪੁਰ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ ਅਤੇ ਢੰਡਾ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਠੇਰੇ ਅਸਥਾਨ ਵਿਖੇ ਮੀਂਹ ਹਨੇਰੀ ਤੋਂ ਬਚਾਅ ਲਈ ਉਸਾਰੀ ਜਾ ਰਹੀ ਸ਼ੈੱਡ ਵਿਚ ਬਣਦਾ ਸਹਿਯੋਗ ਪਾਉਣ। ਇਸ ਮੌਕੇ ਬਲਵਿੰਦਰ ਕੁਮਾਰ ਸਕੱਤਰ, ਜੋਗਾ ਰਾਮ ਮੰਢਾਲੀ ਕੈਸ਼ੀਅਰ, ਉਪ ਕੈਸ਼ੀਅਰ ਓਮ ਪ੍ਰਕਾਸ਼ ਵਜੀਦੋਵਾਲ, ਉਪ ਸਕੱਤਰ ਮੱਖਣ ਲਾਲ ਤੋਂ ਇਲਾਵਾ ਰਾਮ ਲਾਲ ਢੰਡਾ, ਰਾਣਾ ਢੰਡਾ ਕੋਟ ਕਲਾਂ, ਵਰਿੰਦਰ ਢੰਡਾ ਕੋਟ ਕਲਾਂ, ਗੋਰਾ ਠੇਕੇਦਾਰ ਕੋਟ ਕਲਾਂ, ਵਰਿੰਦਰ ਕੁਮਾਰ ਢੰਡਾ, ਲੱਕੀ ਓਬਰਾਏ, ਮਨਜੀਤ ਸੂਰੀ, ਸੁਰਜੀਤ ਮਤਫੱਲੂ, ਲਛਮਣ ਦਾਸ ਮਤਫੱਲੂ, ਅਮਰਦੀਪ ਢੰਡਾ ਆਦਿ ਹਾਜਰ ਸਨ। 

Post a Comment

0 Comments