ਸੋਮਵਾਰ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਕਰਨਗੇ ਦੋ ਰੋਜ਼ਾ ਵਾਤਾਵਰਨ ਮੇਲੇ ਦਾ ਉਦਘਾਟਨ : ਰਘਬੋਤਰਾ

ਫਗਵਾੜਾ 2 ਦਸੰਬਰ (ਸ਼ਿਵ ਕੋੜਾ)- ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵੱਲੋਂ 38ਵਾਂ ਵਾਤਾਵਰਣ ਮੇਲਾ 4 ਅਤੇ 5 ਦਸੰਬਰ ਨੂੰ ਪੀ.ਡਬਲਯੂ.ਡੀ ਰੈਸਟ ਹਾਊਸ ਦੇ ਆਡੀਟੋਰੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕੇ.ਕੇ ਸਰਦਾਨਾ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਦੋ ਰੋਜ਼ਾ ਸਮਾਗਮ ਦਾ ਉਦਘਾਟਨ ਸੋਮਵਾਰ ਸਵੇਰੇ 10.30 ਵਜੇ ਮੁੱਖ ਮਹਿਮਾਨ ਵਜੋਂ ਪੁੱਜ ਰਹੇ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਕਰਨਗੇ। ਮੇਲੇ ਦੌਰਾਨ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਸੋਮਵਾਰ ਨੂੰ ਸਾਇੰਸ ਮਾਡਲ ਅਤੇ ਆਨ ਸਪਾਟ ਪੇਂਟਿੰਗ ਮੁਕਾਬਲੇ ਤੋਂ ਇਲਾਵਾ ਫਲਦਾਰ ਬੂਟੇ ਲਗਾਏ ਜਾਣਗੇ। ਇਸ ਤੋਂ ਬਾਅਦ ਫੈਂਸੀ ਡਰੈੱਸ, ਲੋਕਗੀਤ ਅਤੇ ਪਤੰਗ ਉਡਾਉਣ ਦੇ ਮੁਕਾਬਲੇ ਵੀ ਹੋਣਗੇ। ਸ਼ਾਮ ਨੂੰ ਆਜ਼ਾਦ ਕਲਾ ਮੰਚ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੇ ਦੂਜੇ ਅਤੇ ਆਖਰੀ ਦਿਨ ਮੰਗਲਵਾਰ ਨੂੰ ਰੰਗੋਲੀ, ਵੇਸਟ ਟੂ ਬੈਸਟ, ਸਕਿੱਟ ਮੁਕਾਬਲੇ, ਭਾਸ਼ਣ ਮੁਕਾਬਲੇ ਅਤੇ ਪਰਾਲੀ ਨਾ ਸਾੜਨ ਵਾਲੇ ਜਾਗਰੂਕ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਹੈਲਦੀ ਬੇਬੀ ਮੁਕਾਬਲੇ, ਫਲਾਵਰ ਮੈਨੇਜਮੈਂਟ, ਬਾਡੀ ਬਿਲਡਿੰਗ ਮੁਕਾਬਲੇ ਵੀ ਖਿੱਚ ਦਾ ਕੇਂਦਰ ਬਣਨਗੇ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਵਾਤਾਵਰਨ ਦੀ ਸੰਭਾਲ ਨੂੰ ਸਮਰਪਿਤ ਇਸ ਦੋ ਰੋਜ਼ਾ ਸਮਾਗਮ ਵਿੱਚ ਸ਼ਾਮਲ ਹੋ ਕੇ ਸਹਿਯੋਗ ਦੀ ਪੁਰਜ਼ੋਰ ਅਪੀਲ ਕੀਤੀ ਹੈ।

Post a Comment

0 Comments