ਬੇਬੇ ਨਾਨਕੀ ਰਾਮਗੜ੍ਹੀਆ ਸੀ.ਸੈ. (ਗਲਰਜ) ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤਿਆ ਕਾਂਸੇ ਦਾ ਮੈਡਲ

ਫਗਵਾੜਾ 19 ਜਨਵਰੀ (ਸ਼ਿਵ ਕੋੜਾ) ਪੁਣੇ ਵਿਖੇ ਹੋਈ (ਅੰਡਰ-14) ਅੰਤਰਰਾਜੀ ਮੁੱਕੇਬਾਜੀ ਚੈਂਪੀਅਨਸ਼ਿਪ ‘ਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਬੇਬੇ ਨਾਨਕੀ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਸਤਨਾਮਪੁਰਾ ਫਗਵਾੜਾ ਦੀ ਟੀਮ ਦੇ ਸਨਮਾਨ ਵਿੱਚ ਯੂਥ ਵਾਇਸ ਫਾਊਂਡੇਸ਼ਨ ਫਗਵਾੜਾ ਵੱਲੋਂ ਇੱਕ ਸਮਾਗਮ ਫਾਉਂਡੇਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਢੱਟ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿੱਚ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਹਨਾਂ ਨੇ ਸਕੂਲ ਦੀਆਂ ਦੋਵੇਂ ਹੋਣਹਾਰ ਜੇਤੂ ਵਿਦਿਆਰਥਣਾਂ ਨੂੰ 11,000/- ਰੁਪਏ ਦਾ ਨਕਦ ਇਨਾਮ ਦਿੰਦੇ ਹੋਏ ਇਹ ਵੀ ਐਲਾਨ ਕੀਤਾ ਕਿ 12ਵੀਂ ਜਮਾਤ ਤੱਕ ਦੋਵੇਂ ਵਿਦਿਆਰਥਣਾਂ ਦੀ ਪੜ੍ਹਾਈ ਦਾ ਖਰਚਾ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵੱਲੋਂ ਚੁੱਕਿਆ ਜਾਵੇਗਾ। ਉਨ੍ਹਾਂ ਭਵਿੱਖ ਵਿੱਚ ਹੋਣ ਵਾਲੇ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਵੀ ਲੋੜੀਂਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ। ਫਾਊਂਡੇਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਢੱਟ ਨੇ ਦੱਸਿਆ ਕਿ ਇਹ ਹੋਣਹਾਰ ਮੁੱਕੇਬਾਜ਼ ਵਿਦਿਆਰਥਣਾਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਹਨ। ਯੂਥ ਵਾਇਸ ਫਾਊਂਡੇਸ਼ਨ ਨੇ ਰਾਜ ਪੱਧਰੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਉਪਰੰਤ ਇਹਨਾਂ ਖਿਡਾਰਣਾਂ ਨੂੰ ਰਾਸ਼ਟਰੀ ਮੁਕਾਬਲੇ ਵਿੱਚ ਭਾਗ ਲੈਣ ਲਈ ਕਿੱਟਾਂ ਅਤੇ ਸਫ਼ਰੀ ਭੱਤਾ ਦੇ ਕੇ ਉਤਸ਼ਾਹਿਤ ਕੀਤਾ ਸੀ। ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਪੂਣੇ ਵਿੱਚ ਹੋਈ ਕੌਮੀ ਪੱਧਰ ਦੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਸੂਬੇ ਪੰਜਾਬ ਅਤੇ ਸ਼ਹਿਰ ਫਗਵਾੜਾ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਅਜਿਹੇ ਸਾਰੇ ਲੋੜਵੰਦ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਤਿਆਰ ਹੈ ਜੋ ਕੌਮੀ ਪੱਧਰ ’ਤੇ ਪੰਜਾਬ ਦੀ ਨੁਮਾਇੰਦਗੀ ਕਰਨ ਜਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਹੋਣਹਾਰ ਖਿਡਾਰੀਆਂ ਨੂੰ ਅੱਗੇ ਲਿਆਉਣ ਲਈ ਸਹਿਯੋਗ ਦਿੱਤਾ ਜਾਵੇ ਤਾਂ ਜੋ ਹੋਣਹਾਰ ਖਿਡਾਰੀ ਜੋ ਆਰਥਕ ਪੱਖੋਂ ਸਮਰੱਥ ਨਹੀਂ ਹਨ, ਉਹ ਵੀ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਮੁੱਕੇਬਾਜ਼ੀ ਇੱਕ ਮਹਿੰਗੀ ਖੇਡ ਹੈ ਅਤੇ ਹਰ ਖਿਡਾਰੀ ਇਸ ਵਿੱਚ ਹੋਣ ਵਾਲੇ ਖਰਚਿਆਂ ਨੂੰ ਨਹੀਂ ਕਰ ਸਕਦਾ।

ਤਸਵੀਰ ਸਮੇਤ।

Post a Comment

0 Comments