ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾਪੂਰਬਕ ਮਨਾਇਆ ਗਿਆ

ਆਦਮਪੁਰ 14 ਜਨਵਰੀ (ਅਮਰਜੀਤ ਸਿੰਘ)- ਲੱਖਾਂ ਸੰਗਤਾਂ ਦੀ ਸ਼ਰਧਾ ਵਾਲਾ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਨਗਰ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਦੀ ਦੇਖਰੇਖ ਹੇਠ ਸ਼ਰਧਾਭਾਵਨਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸੰਗਰਾਂਦ ਦਿਹਾੜੇ ਮੌਕੇ ਕੀਰਤਨ ਦੀਵਾਨਾਂ ਅੰਦਰ ਪ੍ਰਸਿੱਧ ਰਾਗੀ ਭਾਈ ਰਾਜੇਸ਼ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਲਖਵੀਰ ਸਿੰਘ ਹਜੂਰੀ ਰਾਗੀ ਗੁਰਦੁਆਰਾ ਬਾਬਾ ਮੱਤੀ ਜੀ, ਕਥਾਵਾਚਕ ਭਾਈ ਮਨਜੀਤ ਸਿੰਘ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ, ਢਾਡੀ ਭਾਈ ਵੀਰ ਸਿੰਘ ਪਤਾਰਾ ਤੋਂ ਇਲਾਵਾ ਹੋਰ ਰਾਗੀ, ਢਾਡੀ ਜਥਿਆ ਵੱਲੋ ਆਈਆ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਉਨ੍ਹਾਂ ਦੱਸਿਆ ਕਿ ਹਰ ਸਾਲ ਵੱਡੇ ਪੱਧਰ ਤੇ ਮਾਘੀ ਦਾ ਦਿਹਾੜਾ ਪੂਰੀ ਧੂਮ-ਧਾਮ ਨਾਲ ਗੁਰੂ ਘਰ ਵਿਖੇ ਮਨਾਇਆ ਜਾਂਦਾ ਹੈ ਅਤੇ ਇਨ੍ਹਾਂ ਸਮਾਗਮਾਂ ਦੋਰਾਨ ਇਲਾਕੇ ਦੀਆਂ ਸਮੂਹ ਸੰਗਤਾਂ ਵੱਧ ਚੜ੍ਹ ਕੇ ਹਾਜਰੀ ਲਗਵਾਉਦੀਆਂ ਹਨ। ਉਹਨਾਂ ਦੱਸਿਆ ਕਿ ਪੰਜਾਬੀਆਂ ਦਾ ਇਕ ਪ੍ਰਮੁੱਖ ਤਿਉਹਾਰ ਲੋਹੜੀ ਹਰ ਸਾਲ ਮੱਕਰ-ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ, ਭਾਵੇਂ ਇਹ ਤਿਉਹਾਰ ਪੂਰੇ ਦੇਸ਼ ਵਿਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਲੋਹੜੀ ਅਤੇ ਮਾਘੀ ਪੰਜਾਬ ਦੀ ਵਿਰਾਸਤ ਦੇ ਨਾਲ ਜੁੜਿਆ ਹੋਇਆ ਹੈ, ਲੋਹੜੀ ਤੋਂ ਬਾਅਦ ਮਾਘੀ ਦਾ ਦਿਹਾੜਾ ਆਉਣ ਦੇ ਨਾਲ ਇਸ ਤਿਉਹਾਰ ਨੂੰ ਧਾਰਮਿਕ ਤੌਰ ‘ਤੇ ਵੀ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰੂ ਕੇ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਗਏ। ਇਸ ਮੌਕੇ ਉਨ੍ਹਾਂ ਸਭਨਾਂ ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਸਭਨਾਂ ਨੂੰ ਮਾਘ ਦੀ ਸੰਗਰਾਂਦ ਦੇ ਦਿਹਾੜੇ ਦੀ ਵਧਾਈ ਵੀ ਦਿੱਤੀ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸੁਰਜੀਤ ਸਿੰਘ ਹੁਰਾਂ ਨੇ ਬਾਖੂਬੀ ਨਿਭਾਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਕੱਤਰ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਸਰਪੰਚ ਰਸ਼ਪਾਲ ਸਿੰਘ ਪਾਲਾ, ਹਰਦਿਆਲ ਸਿੰਘ, ਸਤਿੰਦਰਪਾਲ ਸਿੰਘ, ਕਰਮ ਸਿੰਘ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।

Post a Comment

0 Comments