ਪੰਜਾਬ ਪ੍ਰੈੱਸ ਕਲੱਬ ਵਲੋਂ ਸਰਬਜੀਤ ਸਿੰਘ ਪੰਧੇਰ ਤੇ ਗੁਰਪ੍ਰੀਤ ਸਿੰਘ ਲਾਡੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਜਲੰਧਰ 30 ਅਪ੍ਰੈਲ (ਅਮਰਜੀਤ ਸਿੰਘ)- ਪੰਜਾਬ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਨੇ ਅੱਜ ਇੱਥੇ ਇਕ ਬਿਆਨ 'ਚ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਅਤੇ ਇਕ ਹੋਰ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਲਾਡੀ ਦੇ ਸਦੀਵੀ ਵਿਛੋੜੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਵਰਨਿੰਗ ਕੌਂਸਲ ਵਲੋਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਸ੍ਰੀ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਸਰਬਜੀਤ ਸਿੰਘ ਪੰਧੇਰ ਨੇ ਕਈ ਦਹਾਕਿਆਂ ਤੱਕ ਪੱਤਰਕਾਰੀ ਦੀ ਸੇਵਾ ਕੀਤੀ ਹੈ ਤੇ ਪੱਤਰਕਾਰੀ ਦੇ ਖੇਤਰ ਵਿਚ ਉਨ੍ਹਾਂ ਨੂੰ ਬੜੇ ਨਿਧੜਕ ਪੱਤਰਕਾਰ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਖਬਰ ਏਜੰਸੀ ਪੀ. ਟੀ. ਆਈ. ਤੋਂ ਕੀਤੀ ਸੀ ਤੇ ਬਾਅਦ 'ਚ ਉਹ ਅੰਗਰੇਜ਼ੀ ਦੇ ਪ੍ਰਸਿੱਧ ਅਖਬਾਰ 'ਦ ਹਿੰਦੂ' 'ਚ ਰਿਪੋਰਟਰ ਵਜੋਂ ਕੰਮ ਕਰਦੇ ਰਹੇ। ਉਹ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਵੀ ਰਹੇ ਤੇ ਉਨ੍ਹਾਂ ਦੇ ਵਿਛੋੜੇ ਨਾਲ ਪੱਤਰਕਾਰੀ ਜਗਤ ਨੂੰ ਕਾਫੀ ਵੱਡਾ ਘਾਟਾ ਪਿਆ ਹੈ। 
ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਲਾਡੀ ਨੇ ਵੀ ਕਈ ਦਹਾਕਿਆਂ ਤੱਕ ਪੰਜਾਬੀ ਪੱਤਰਕਾਰੀ ਦੀ ਸੇਵਾ ਕੀਤੀ ਹੈ। ਉਨ੍ਹਾਂ ਨੇ ਆਪਣੀ ਪੱਤਰਕਾਰੀ ਦੀ ਸ਼ੁਰੂਆਤ ਪੰਜਾਬੀ ਦੇ ਅਖਬਾਰ 'ਅਜੀਤ' ਦੇ ਨਿਊਜ਼ ਟੇਬਲ ਤੋਂ ਕੀਤੀ ਤੇ ਬਾਅਦ 'ਚ ਪੰਜਾਬੀ ਜਾਗਰਣ ਦੇ ਨਿਊਜ਼ ਟੇਬਲ 'ਤੇ ਵੀ ਕੰਮ ਕਰਦੇ ਰਹੇ। ਗੁਰਪ੍ਰੀਤ ਸਿੰਘ ਲਾਡੀ ਆਪਣੇ ਨਿਮਰ ਸੁਭਾਅ ਅਤੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਸਬੰਧੀ ਵਿਸ਼ੇਸ਼ ਜਾਣਕਾਰੀ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਵਿਛੋੜੇ ਨਾਲ ਵੀ ਪੰਜਾਬੀ ਪੱਤਰਕਾਰੀ ਨੂੰ ਵੱਡਾ ਘਾਟਾ ਪਿਆ ਹੈ। ਪੰਜਾਬ ਪ੍ਰੈੱਸ ਕਲੱਬ ਉਪਰੋਕਤ ਦੋਵੇਂ ਪੱਤਰਕਾਰਾਂ ਦੇ ਸਦੀਵੀ ਵਿਛੋੜੇ 'ਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।

Post a Comment

0 Comments