ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਨਿਗਮ ਪ੍ਰਸ਼ਾਸ਼ਨ ਵੱਲੋਂ ਅਗਾਊਂ ਤਿਆਰੀਆਂ ਸ਼ੁਰੂ- ਕਮਿਸ਼ਨਰ


ਫਗਵਾੜਾ (ਸ਼ਿਵ ਕੋੜਾ)-
ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਅਨੁਪਮ ਕਲੇਰ ਨੇ ਅੱਜ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਫਗਵਾੜਾ ਦੇ ਅਧਿਕਾਰੀਆਂ ਨਾਲ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਨਿਗਮ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਅਗਾਊਂ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ। ਸ਼੍ਰੀਮਤੀ ਕਲੇਰ ਵੱਲੋਂ ਇਸ ਦੌਰਾਨ ਮੁਹੱਲਾ ਰਤਨਪੁਰਾ ਅਤੇ ਮਨਸਾ ਦੇਵੀ ਨਗਰ ਵਿਖੇ ਚੱਲ ਰਹੇ ਸੀਵਰੇਜ਼ ਦੇ ਕੰਮ ਦੀ ਸਫਾਈ ਦੀ ਚੈਕਿੰਗ ਕੀਤੀ। ਉਨ੍ਹਾਂ ਮੌਕੇ 'ਤੇ ਹਾਜ਼ਰ ਸੀਵਰਮੈਨਾਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੀਵਰਮੈਨਾਂ ਦਾ ਕੰਮ ਸਭ ਤੋਂ ਮੁਸ਼ਕਿਲ ਵਾਲਾ ਕੰਮ ਹੁੰਦਾ ਹੈ ਅਤੇ ਇਹ ਸੀਵਰਮੈਨ ਸ਼ਹਿਰ ਦੇ ਸੀਵਰੇਜ਼ ਦੀ ਦੇਖ—ਰੇਖ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ। ਸ਼੍ਰੀਮਤੀ ਕਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮੇਨ ਸੀਵਰ ਲਾਈਨਾਂ ਦੀ ਸਫ਼ਾਈ ਸੁਪਰਸੱਕਰ ਮਸ਼ੀਨ ਦੇ ਨਾਲ ਕਰਵਾਈ ਜਾ ਚੁੱਕੀ ਹੈ ਅਤੇ ਹੁਣ ਰੂਟੀਨ ਵਿੱਚ ਸ਼ਹਿਰ ਦੇ ਅੰਦਰੂਨੀ ਏਰੀਏ ਦੀਆਂ ਸੀਵਰ ਲਾਈਨਾਂ ਦੀ ਸਫ਼ਾਈ ਦਾ ਕੰਮ ਜਾਰੀ ਹੈ। ਸੀਵਰ ਲਾਈਨਾਂ ਦੀ ਸਫ਼ਾਈ ਲਈ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਸੀਵਰ ਲਾਈਨਾਂ ਦੀ ਸਫ਼ਾਈ ਦੇ ਕੰਮ ਲਈ 1 Truck Mounted Jetting, 4 Mini Jetting Machine, 6 Engine and 2 Grab Bucket Machines ਉਪਕਰਨ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਸੀਜ਼ਨ ਦੌਰਾਨ ਪਾਣੀ ਦੀ ਨਿਕਾਸੀ ਲਈ ਨਿਗਮ ਪ੍ਰਸ਼ਾਸ਼ਨ ਹਰ ਸੰਭਵ ਯਤਨ ਕਰ ਰਿਹਾ ਹੈ। ਸ਼੍ਰੀਮਤੀ ਕਲੇਰ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਸੀਵਰ ਲਾਈਨਾਂ ਨੂੰ ਸਾਫ਼ ਰੱਖਣ ਲਈ ਫਗਵਾੜਾ ਨਿਵਾਸੀ ਅਹਿਮ ਯੋਗਦਾਨ ਪਾ ਸਕਦੇ ਹਨ, ਉਨ੍ਹਾਂ ਕਿਹਾ ਕਿ ਹਰ ਨਾਗਰਿਕ ਇਹ ਪ੍ਰਣ ਲਵੇ ਕਿ ਕੋਈ ਵੀ ਗਾਰਬੇਜ਼ ਦੀ ਵਸਤੂ (ਭਾਵ ਪਲਾਸਟਿਕ ਲਿਫ਼ਾਫ਼ੇ, ਪਲਾਸਟਿਕ ਬੋਤਲਾਂ ਜਾਂ ਹੋਰ ਕਿਸਮ ਦੀ ਨਾ-ਨਸ਼ਟ ਹੋਣ ਯੋਗ ਵਸਤੂ) ਸੀਵਰ ਲਾਈਨਾਂ ਜਾਂ ਖੁੱਲ੍ਹੇ ਨਾਲਿਆਂ ਵਿੱਚ ਨਾ ਸੁੱਟਣ ਕਿਉਂਕਿ ਅਜਿਹੇ ਪ੍ਰਕਾਰ ਦੀਆਂ ਵਸਤੂਆਂ ਸੀਵਰੇਜ਼ ਨੂੰ ਬਲਾਕ ਕਰਦੀਆਂ ਹਨ, ਜਿਸ ਕਾਰਨ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋਂ ਪਾਉਂਦੀ। ਇਸ ਮੌਕੇ ਉਨ੍ਹਾਂ ਸ਼ਹਿਰਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਗਿੱਲੇ—ਸੁੱਕੇ ਕੂੜੇ ਨੂੰ ਅਲੱਗ—ਅਲੱਗ ਕਰਕੇ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ ਦੇਣ ਤਾਂ ਜੋ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਬੇਹਤਰ ਬਣਾਇਆ ਜਾ ਸਕੇ ਅਤੇ ਬਰਸਾਤ ਦੇ ਮੌਸਮ ਦੌਰਾਨ ਭਿਆਨਕ ਬਿਮਾਰੀਆਂ ਦੇ ਖ਼ਦਸ਼ੇ ਤੋਂ ਵੀ ਬਚਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਵਾਟਰ ਸਪਲਾਈ ਸੀਵਰੇਜ਼ ਬੋਰਡ ਦੇ ਐੱਸ.ਡੀ.ਓ. ਪ੍ਰਦੀਪ ਚੌਟਾਨੀ ਅਤੇ ਸੀਵਰਮੈਨ ਹਾਜ਼ਰ ਸਨ।

Post a Comment

0 Comments