ਆਦਮਪੁਰ ਦੋਆਬਾ, 21 ਅਗਸਤ (ਅਮਰਜੀਤ ਸਿੰਘ)- 18 ਅਗਸਤ ਨੂੰ ਏ.ਟੀ. ਡੀ.ਏ.ਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਾਲਜ ਜਲੰਧਰ, ਪੰਜਾਬ ਵਿੱਚ ਆਯੋਜਿਤ ਸੀ.ਕੇ.ਸੀ ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2024 ਵਿੱਚ ਇੰਪੀਰੀਅਲ ਸਕੂਲ ਦੇ ਵਿਦਿਆਰਥੀਆਂ ਨੇ 12 ਗੋਲਡ ਤਮਗੇ, 18 ਸਿਲਵਰ ਤਮਗੇ ਅਤੇ 24 ਬ੍ਰਾਂਜ ਤਮਗੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਆਪਣੀ ਖੇਡ ਦਾ ਜ਼ੋਰਦਾਰ ਪ੍ਰਦਰਸ਼ਨ ਕਰਦੇ ਵਿਦਿਆਰਥੀਆਂ ਨੇ ਕੁੱਲ 54 ਤਮਗੇ ਜਿੱਤ ਕੇ ਆਪਣੀ ਖੇਡ ਦਾ ਲੋਹਾ ਮਨਵਾਇਆ। ਇੰਟਰਨੈਸ਼ਨਲ ਕਰਾਟੇ ਕੋਚ ਸੈਮ ਨੂੰ ਵਧਾਈ ਦਿੰਦੇ ਹੋਏ ਚੇਅਰਮੈਨ ਸ਼੍ਰੀ ਜਗਦੀਸ਼ ਲਾਲ, ਡਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ ਨੇ ਵਿਦਿਆਰਥੀਆਂ ਦੇ ਖੇਡ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਦੇ ਵਧ-ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਵੱਲੋਂ ਵਿਸ਼ੇਸ਼ ਸਭਾ ਵਿੱਚ ਸਾਰੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਭਾ ਨੂੰ ਸੰਬੋਧਿਤ ਕਰਦਿਆਂ ਸ੍ਰੀਮਤੀ ਮੱਲ੍ਹੀ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਵਿੱਚ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਵਿਸ਼ੇਸ਼ ਅਸੈਂਬਲੀ ਦੌਰਾਨ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਅਤੇ ਅਕਾਦਮਿਕ ਕੋਆਰਡੀਨੇਟਰ ਸ਼੍ਰੀਮਤੀ ਰੇਣੂ ਚਾਹਲ ਦੇ ਨਾਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
0 Comments