“ਮੀਟਿੰਗਾਂ ਅਤੇ ਸਰਕਾਰ ਦੇ ਐਲਾਨਾ ਦੇ ਬਾਵਜੂਦ ਨਹੀਂ ਕੀਤਾ ਜਾ ਰਿਹਾ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਹੱਲ”
ਫਿਰੋਜ਼ਪੁਰ (ਬਿਊਰੌ)- ਪੰਜਾਬ ਸਰਕਾਰ ਤੇ ਝੂਠੇ ਲਾਰਿਆ ਅਤੇ ਸਰਕਾਰੀ ਤੌਰ ਤੇ ਕੀਤੇ ਐਲਾਨਾਂ ਦੇ ਬਾਵਜੂਦ ਵੀ ਕੰਪਿਊਟਰ ਅਧਿਆਪਕਾਂ ਦੇ ਮਸਲਿਆ ਦਾ ਹੱਲ ਨਹੀ ਕੀਤਾ ਜਾ ਰਿਹਾ ਜਿਸ ਦੋ ਰੋਸ ਵਜੋਂ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ 28 ਸਤੰਬਰ ਨੂੰ ਖਟਕੜ੍ਹ ਕਲਾ ਵਿਖੇ ਮੁੱਖ ਮੰਤਰੀ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ। ਕੰਪਿਊਟਰ ਅਧਿਆਪਕ ਯੂਨੀਅਨ ਫਿਰੋਜ਼ਪੁਰ ਦੀ ਕਮੇਟੀ ਘਰ ਪਾਰਕ ਵਿੱਚ ਹੋਈ ਮੀਟਿੰਗ ਦੌਰਾਨ, ਦਵਿੰਦਰ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਤੇ ਹਰਜੀਤ ਸਿੰਘ ਸੰਧੂ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਸਾਂਝੇ ਤੌਰ ਤੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਤੋਂ ਨਿਰਾਸ਼ ਅਤੇ ਅੱਕੇ ਕੰਪਿਊਟਰ ਅਧਿਆਪਕ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹੱਕ-ਸੱਚ ਦੀ ਅਵਾਜ ਬੁਲੰਦ ਕਰਨ ਖਾਤਰ ਅਤੇ ਕੰਪਿਊਟਰ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਨੂੰ ਚੇਤੇ ਕਰਵਾਉਣ ਲਈ ਖਟਕੜ ਕਲਾਂ, ਨਵਾ ਸ਼ਹਿਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ। ਬੇਸ਼ੱਕ ਸਤੰਬਰ 2022 ਅਤੇ ਬਾਅਦ ਵਿੱਚ ਅਨੇਕਾਂ ਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਖਬਾਰਾਂ, ਸ਼ੋਸ਼ਲ ਮੀਡੀਆ ਅਤੇ ਆਮ ਆਦਮੀ ਪਾਰਟੀ ਦੇ ਵੱਖ-2 ਮੰਚਾਂ ਤੇ ਕੰਪਿਊਟਰ ਅਧਿਆਪਕਾਂ ਨੁੰ ਦੀਵਾਲੀ ਦੇ ਮੌਕੇ ਤੇ ਬਣਦੇ ਲਾਭ ਦੇਣ ਦਾ ਐਲਾਨ ਕੀਤਾ ਸੀ ਜੋ 3 ਸਾਲ ਬੀਤ ਜਾਣ ਉਪਰੰਤ ਵੀ ਪੂਰਾ ਨਹੀਂ ਕੀਤਾ ਗਿਆ। ਜਿਕਰਯੋਗ ਹੈ ਕਿ ਜੁਲਾਈ 2011 ਨੂੰ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਿਵਲ ਸਰਵਿਸ ਸੇਵਾਵਾਂ ਤਹਿਤ ਰੈਗੂਲਰ ਕੀਤਾ ਗਿਆ ਹੈ ਪਰ ਅੱਜ ਤੱਕ ਇਹ ਨੋਟੀਫਿਕੇਸ਼ਨ ਪੂਰਨ ਤੌਰ ਤੇ ਕੰਪਿਊਟਰ ਅਧਿਆਪਕਾਂ ਤੇ ਲਾਗੂ ਨਹੀ ਕੀਤਾ ਗਿਆ। ਜੱਥੇਬੰਦੀ ਦੇ ਆਗੂਆ ਨੇ ਜਾਣਕਾਰੀ ਦਿੰਦਿਆ ਕਿਹਾ ਕੰਪਿਊਟਰ ਅਧਿਆਪਕਾਂ ਦਾ 6ਵਾਂ ਤਨਖਾਹ ਕਮਿਸ਼ਨ, ਏ.ਸੀ.ਪੀ ਅਤੇ ਹੋਰ ਵਿੱਤੀ ਲਾਭ ਜਬਰੀ ਰੋਕੇ ਗਏ ਹਨ ਜਿਨਾਂ ਨੂੰ ਤਰੂੰਤ ਲਾਗੂ ਕੀਤਾ ਜਾਵੇ, 90 ਦੇ ਕਰੀਬ ਮ੍ਰਿਤਕ ਕੰਪਿਊਟਰ ਅਧਿਆਪਕਾਂ ਦੇ ਪਰਿਵਾਰ ਜੋ ਸੜਕਾਂ ਤੇ ਰੁੱਲ ਰਹੇ ਹਨ, ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਨਾ ਹੀ ਨੌਕਰੀ ਦਿੱਤੀ, ਨਾ ਹੀ ਇੱਕ ਧੇਲੇ ਦੀ ਸਹਾਇਤਾ ਕੀਤੀ ਗਈ। ਜੇਕਰ ਪੰਜਾਬ ਸਰਕਾਰ ਇਸ ਸਮੇਂ ਦੌਰਾਨ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਲੈ ਆਉਂਦੀ ਤਾਂ ਆਉਣ ਵਾਲੀਆਂ ਜਿਮਨੀ ਚੋਣਾਂ ਦੌਰਾਨ ਪੋਲ-ਖੋਲ ਰੈਲੀਆ ਕੀਤੀਆਂ ਜਾਣਗੀਆਂ। ਜਿਸ ਦੀ ਸਮੁੱਚੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਰਵੀਇੰਦਰ ਸਿੰਘ, ਸ਼ਮਸ਼ੇਰ ਸਿੰਘ, ਸਰਵਜੋਤ ਸਿੰਘ, ਰੋਹਿਤ ਸ਼ਰਮਾ, ਸਤਨਾਮ ਸਿੰਘ ਧੰਜੂ, ਹਰਪਾਲ ਸਿੰਘ, ਮਿਸਾਲ ਧਵਨ, ਸਤਨਾਮ ਸਿੰਘ, ਅਜੈ ਕੁਮਾਰ ਗੁਰਵਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਹਾਜ਼ਰ ਸਨ।
0 Comments