ਜਲੰਧਰ, 16 ਦਸੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਦੂਰਦਰਸ਼ਨ ਦੇ ਉੱਘੇ ਇੰਜ਼ੀਨੀਅਰ ਅਤੇ ਪ੍ਰਸਿੱਧ ਸਮਾਜ ਸੇਵਕ ਇੰਜ਼. ਨਰਿੰਦਰ ਬੰਗਾ ਦੀ 5 ਫਰਵਰੀ 1988 ਤੋਂ 30 ਨਵੰਬਰ 2025 ਤੱਕ ਦੀ ਸ਼ਾਨਦਾਰ ਸੇਵਾ ਮੁਕਤੀ ਦੇ ਮੌਕੇ ’ਤੇ ਉਨ੍ਹਾਂ ਦੇ ਸਨਮਾਨ ਅਤੇ ਸ਼ੁਕਰਾਨੇ ਲਈ ਇੱਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਅਤੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਦੇਸ਼ ਵਿਦੇਸ਼ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਕ, ਸਭਿਆਚਾਰਕ, ਮੀਡੀਆ, ਕਲਾ, ਦੂਰਦਰਸ਼ਨ, ਅਤੇ ਪ੍ਰਸ਼ਾਸਨ ਦੇ ਖੇਤਰ ਤੋਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਇੰਜ਼: ਬੰਗਾ ਵੱਲੋਂ ਕੀਤੇ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਇੰਜ਼: ਨਰਿੰਦਰ ਬੰਗਾ ਨੇ 37 ਸਾਲ ਦੀ ਨੌਕਰੀ ਦੌਰਾਨ 5 ਫਰਵਰੀ 1988 ਨੂੰ ਇੰਜੀਨੀਅਰਿੰਗ ਅਸੀਸਟੈਂਟ ਵਜੋਂ ਦੂਰਦਰਸ਼ਨ ਜਲੰਧਰ ਵਿਖੇ ਪਦਭਾਰ ਸੰਭਾਲਿਆ ਤੇ 30 ਨਵੰਬਰ 2025 ਨੂੰ ਬਤੌਰ ਅਸੀਸਟੈਂਟ ਇੰਜੀਨਅਰ ਉਰਫ਼ ਟੈਕਨੀਕਲ ਡਾਇਰੈਕਟਰ ਵਜੋਂ ਦੂਰਦਰਸ਼ਨ ਜਲੰਧਰ ਤੋਂ ਸੇਵਾ ਮੁਕਤ ਹੋਏ।
ਸਮਾਗਮ ਵਿੱਚ ਸ਼ਿਰਕਤ ਕਰਨ ਵਾਲੀਆਂ ਪ੍ਰਮੁੱਖ ਹਸਤੀਆਂ ਨੇ ਇੰਜ਼: ਨਰਿੰਦਰ ਬੰਗਾ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਪਦਮ ਸ਼੍ਰੀ ਸੂਫ਼ੀ ਗਾਇਕ ਅਤੇ ਸਿਆਸਤਦਾਨ ਹੰਸ ਰਾਜ ਹੰਸ ਨੇ ਕਿਹਾ ਕਿ ਇੰਜ਼: ਨਰਿੰਦਰ ਬੰਗਾ ਨੇ ਜਿੱਥੇ ਦੂਰਦਰਸ਼ਨ ਵਿੱਚ ਤਕਨੀਕੀ ਸੇਵਾਵਾਂ ਨਿਭਾਈਆਂ, ਉੱਥੇ ਹੀ ਸੰਗੀਤ ਅਤੇ ਸਾਹਿਤ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਅਨਮੋਲ ਹੈ। ਬੰਗਾ ਪਰਿਵਾਰ ਦੀ ਸੰਗੀਤ, ਸਾਹਿਤ ਅਤੇ ਸਮਾਜ ਸੇਵਾ ਪ੍ਰਤੀ ਲਗਨ ਸ਼ਲਾਘਾਯੋਗ ਹੈ।
ਐਮ.ਐਲ.ਏ. ਸੁਖਵਿੰਦਰ ਕੋਟਲੀ ਨੇ ਕਿਹਾ ਕਿ ਬੰਗਾ ਜੀ ਇੱਕ ਸੱਚੇ ਸਮਾਜ ਸੇਵਕ ਹਨ, ਜਿਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸਮਾਜ ਦੀ ਭਲਾਈ ਲਈ ਅੱਖਾਂ ਦੇ ਕੈਂਪ, ਖੂਨਦਾਨ ਕੈਂਪ, ਵਿਕਲਾਂਗ ਕੈਂਪ ਅਤੇ ਵਣ ਮਹਾਂਉਤਸਵ ਵਰਗੇ ਅਨੇਕਾਂ ਉਪਰਾਲੇ ਕੀਤੇ ਹਨ।
ਸਾਬਕਾ ਐਮ.ਐਲ.ਏ. ਮੋਹਨ ਲਾਲ ਨੇ ਕਿਹਾ ਉਨ੍ਹਾਂ ਦਾ ਸੱਭਿਆਚਾਰਕ ਸਰਗਰਮੀਆਂ ਦਾ ਧੁਰਾ ਹੋਣਾ ਅਤੇ ਹਰ ਸਮਾਜਿਕ ਮਸਲੇ ’ਤੇ ਜਾਗਰੂਕਤਾ ਫੈਲਾਉਣ ਲਈ ਸੈਮੀਨਾਰ ਆਯੋਜਿਤ ਕਰਨਾ ਇੱਕ ਮਹਾਨ ਕਾਰਜ ਹੈ। ਸਮੂਹਿਕ ਸ਼ਾਦੀਆਂ, ਵਿਦਿਅਕ ਅਦਾਰਿਆਂ ਵਿੱਚ ਹਰ ਸੰਭਵ ਸਹਾਇਤਾ ਅਤੇ ਸਕੂਲੀ ਬੱਚਿਆਂ ਨੂੰ ਵਰਦੀਆਂ, ਬੂਟ, ਜੁਰਾਬਾਂ, ਕਾਪੀਆਂ ਪੈਨਸਲਾਂ ਆਦਿ ਮੁੱਹਈਆ ਕਰਾਣਾ ਜ਼ਿਕਰਯੋਗ ਹੈ।
ਡੀ.ਜੀ.ਪੀ. ਸੇਵਾਮੁਕਤ ਡੀ.ਆਰ.ਭੱਟੀ (ਆਈ.ਪੀ ਐਸ) ਨੇ ਕਿਹਾ ਕਿ ਇੰਜ਼: ਬੰਗਾ ਨੇ ਆਪਣੀ ਸਰਕਾਰੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਦੇ ਫਰਜ਼ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾਇਆ। ਕੁਦਰਤੀ ਆਫ਼ਤਾਂ ਵੇਲੇ ਉਨ੍ਹਾਂ ਦਾ ਵਿੱਤੀ ਸਹਾਇਤਾ ਅਤੇ ਰਾਸ਼ਨ ਵੰਡਣਾ ਮਨੁੱਖਤਾ ਦੀ ਸੇਵਾ ਦਾ ਸਬੂਤ ਹੈ।
ਸਟੇਟ ਸੈਕਟਰੀ ਆਮ ਆਦਮੀ ਪਾਰਟੀ ਦੀਪਕ ਬਾਲੀ ਨੇ ਕਿਹਾ ਕਿ ਇੰਜ਼: ਨਰਿੰਦਰ ਬੰਗਾ ਜੀ ਦੀਆਂ ਸੇਵਾਵਾਂ ਸੰਗੀਤ, ਸਾਹਿਤ ਅਤੇ ਸਮਾਜ ਸੇਵਾ ਤਿੰਨਾਂ ਖੇਤਰਾਂ ਵਿੱਚ ਸ਼ਲਾਘਾਯੋਗ ਹਨ। ਉਹ ਇੱਕ ਸੱਚੇ ਬਹੁ-ਪੱਖੀ ਸ਼ਖਸੀਅਤ ਹਨ।
ਆਮ ਆਦਮੀ ਪਾਰਟੀ ਤੋਂ ਕੁਲਜੀਤ ਸਰਹਾਲ, ਹਰਜੋਤ ਲੋਹਟੀਆ ਸਮੇਤ ਬਸਪਾ ਆਗੂ ਪ੍ਰਵੀਨ ਬੰਗਾ ਹੋਰਾਂ ਕਿਹਾ ਕਿ ਨਰਿੰਦਰ ਬੰਗਾ ਜੀ ਸਮਾਜ ਸੇਵਾ ਖੇਤਰ ਵਿੱਚ ਇੱਕ ਪ੍ਰੇਰਣਾ ਹਨ। ਉਨ੍ਹਾਂ ਵੱਲੋਂ ਐੱਨ.ਐੱਸ.ਐੱਸ. ਕੈਂਪ ਅਤੇ ਵਿਲੇਜ ਡਿਵੈਲਪਮੈਂਟ ਕੈਂਪ ਲਗਾ ਕੇ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਨ ਦਾ ਕੰਮ ਸ਼ਲਾਘਾਯੋਗ ਹੈ। ਮੈਡੀਕਲ ਕੈਂਪ, ਨਸ਼ਾ ਛੁਡਾਊ ਕੈਂਪ ਤੇ ਰੈਲੀਆਂ, ਨਸ਼ਿਆਂ ਤੋਂ ਜਾਗ੍ਰਿਤੀ ਲਈ ਪੁਲਿਸ ਪਬਲਿਕ ਮੀਟਿੰਗਾਂ ਆਯੋਜਿਤ ਕਰਕੇ ਬੰਗਾ ਜੀ ਨੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦਾ ਇੱਕ ਮਹੱਤਵਪੂਰਨ ਕੰਮ ਕੀਤਾ ਹੈ।
ਡਿਪਟੀ ਡਾਇਰੈਕਟਰ ਜਨਰਲ ਦੂਰਦਰਸ਼ਨ (ਸੇਵਾਮੁਕਤ) ਡਾ. ਓਮ ਗੌਰੀ ਦੱਤ ਸ਼ਰਮਾ ਜੀ ਨੇ ਮਿਠਬੋਲੜੇ ਤੇ ਹਸਮੁੱਖ ਬੰਗਾ ਜੀ ਨੂੰ ਦੂਰਦਰਸ਼ਨ ਦਾ ਪੀ. ਆਰ. ਓ. ਕਹਿੰਦਿਆਂ ਦਫ਼ਤਰ ਨੂੰ ਦਿੱਤੀਆਂ ਵਿਲੱਖਣ ਸੇਵਾਵਾਂ ਲਈ ਯਾਦ ਕਰਦਿਆਂ ਕਸੀਦੇ ਪੜ੍ਹੇ।
ਡਿਪਟੀ ਚੀਫ਼ ਇੰਜੀਨੀਅਰ ਪਵਨ ਬੀਸਲਾ, ਐਸ.ਐਸ.ਪੀ. ਸੇਵਾਮੁਕਤ ਕੁਲਵੰਤ ਹੀਰ, ਪ੍ਰਵਾਸੀਆਂ ਅਸ਼ੋਕ ਭੌਰਾ, ਅਸ਼ੋਕ ਮਹਿਰਾ, ਜੀਤ ਬਾਬਾ ਬੈਲਜੀਅਮ, ਸੋਮ ਥਿੰਦ (ਯੂਕੇ), ਉੱਘੇ ਕਾਰੋਬਾਰੀ ਅਰਵਿੰਦ ਓਬਰਾਏ, ਜਸਵੀਰ ਨੂਰਪੁਰ, ਅਜਮੇਰ ਸਹੋਤਾ, ਬੁੱਧੀਜੀਵੀ ਤੇ ਸਮਾਜ ਸੇਵੀ ਹਸਤੀਆਂ ਨੇ ਇੰਜ਼: ਬੰਗਾ ਦੀ ਨੇਕਦਿੱਲੀ ਤੇ ਸਮਾਜ ਪ੍ਰਤੀ ਸੇਵਾਵਾਂ ਦੇ ਕਸੀਦੇ ਪੜ੍ਹਦਿਆਂ ਕਿਹਾ ਕਿ ਬੰਗਾ ਜੀ ਦਾ ਕਲੱਬਾਂ ਰਾਹੀਂ ਬੱਚਿਆਂ ਨੂੰ ਐਜ਼ੂਕੇਸ਼ਨਲ ਟ੍ਰਿਪ ’ਤੇ ਲੈ ਕੇ ਜਾਣਾ ਅਤੇ ਵਿਦਿਅਕ ਅਦਾਰਿਆਂ, ਅਨਾਥ ਆਸ਼ਰਮਾਂ, ਬਿਰਧ ਆਸ਼ਰਮਾਂ ਅਤੇ ਧਾਰਮਿਕ ਸਥਾਨਾਂ ਨੂੰ ਯੋਗਦਾਨ ਦੇਣਾ ਸਮਾਜ ਪ੍ਰਤੀ ਉਨ੍ਹਾਂ ਦੇ ਫਰਜ਼ ਦੀ ਮਿਸਾਲ ਹੈ।
ਗਾਇਕ ਬੂਟਾ ਮੁਹੰਮਦ, ਫਿਰੋਜ਼ ਖਾਨ, ਰਣਜੀਤ ਰਾਣਾ, ਨਜ਼ਮਾ ਖਾਨ, ਕੁਲਵਿੰਦਰ ਕਿੰਦਾ, ਕਮਲ ਕਟਾਨੀਆਂ, ਰਾਜਾ ਸਾਬਰੀ ਅਤੇ ਭਿੰਦਾ ਬੈਂਸ ਹੋਰਾਂ ਨੇ ਆਪਣੀ ਗਾਇਕੀ ਰਾਹੀਂ ਬੰਗਾ ਜੀ ਦੀ ਸ਼ਖਸੀਅਤ ਅਤੇ ਸਮਾਜ ਪ੍ਰਤੀ ਸੇਵਾ ਨੂੰ ਆਪਣੇ ਗੀਤਾਂ ਦਾ ਹਿੱਸਾ ਬਣਾਇਆ।
ਕੈਨੇਡਾ ਤੋਂ ਉਚੇਚੇ ਤੌਰ ਤੇ ਪੁੱਜੇ ਸੁਖਜਿੰਦਰ ਸਿੰਘ ਬਾਠ ਸੀ.ਈ.ਓ. ਸੁੱਖੀ ਬਾਠ ਗਰੁੱਪ ਆਫ਼ ਕੰਪਨੀਜ਼ ਕੈਨੇਡਾ ਅਤੇ ਸਵਾਮੀ ਵਿਨੈ ਮੁਨੀ ਜੰਮੂ ਹੋਰਾਂ ਜੀ ਨੇ ਵੀ ਆਪਣੀ ਹਾਜ਼ਰੀ ਦੌਰਾਨ ਧਾਰਮਿਕ ਬਿਰਤੀ ਵਾਲੇ ਬੰਗਾ ਜੀ ਦੇ ਜੀਵਨ, ਉਨ੍ਹਾਂ ਦੇ ਕਾਰਜਾਂ ਅਤੇ ਮਾਨਵਤਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੀ ਰੱਜ ਕੇ ਤਾਰੀਫ਼ ਕੀਤੀ। ਉੱਘੇ ਕਾਰੋਬਾਰੀ ਅਰਵਿੰਦ ਓਬਰਾਏ (ਦੇਹਰਾਦੂਨ), ਦੂਰਦਰਸ਼ਨ ਤੋਂ ਕਰਮਵਾਰ ਡਿਪਟੀ ਡਾਇਰੈਕਟਰ ਕਰਨਬੀਰ ਸਿੰਘ, ਬਲਵਿੰਦਰ ਸਿੰਘ, ਦਲਜੀਤ ਅਜਨੋਹਾ, ਵਰਿੰਦਰ ਚਾਪੜਾ, ਹਰੀਸ਼ ਚੰਦਰ, ਵਿਜੈ ਸ਼ਰਮਾ, ਟੀਕੇ ਅੱਗਰਵਾਲ, ਅਵਤਾਰ ਸਿੰਘ ਰੋਪੜ, ਰਾਮਪਾਲ ਸੈਣੀ, ਸਿਕੰਦਰ ਸਿੰਘ, ਸਰਪੰਚ ਤਰਸੇਮ ਸਿੰਘ, ਸਰਪੰਚ ਤੀਰਥ ਰੱਤੂ, ਸਰਪੰਚ ਅਵਤਾਰ ਕੌਰ, ਪਰਕਾਸ਼ ਕੌਰ, ਦਵਿੰਦਰ ਬੰਗਾ, ਕਮਲਜੀਤ ਬੰਗਾ, ਮੋਨਿਕਾ ਬੰਗਾ, ਜਗਦੀਸ਼ ਬੰਗਾ(ਯੂਕੇ), ਸੁਰਜੀਤ ਰੱਤੂ, ਹੰਸ ਰਾਜ ਬੰਗਾ, ਪਰਤਾਪ ਸਿੰਘ ਬੰਗਾ, ਚਮਨ ਲਾਲ ਬੰਗਾ, ਮਦਨ ਲਾਲ ਬੰਗਾ, ਹਰਨਾਮ ਦਾਸ, ਜਗਨ ਨਾਥ, ਨਗਰ ਤੇ ਇਲਾਕਾ ਨਿਵਾਸੀਆਂ ਸਮੇਤ ਪੰਜਾਬ ਭਰ ਤੋਂ ਦਰਬਾਰ ਸ਼੍ਰੀ ਗੁਰੂ ਰਾਮ ਰਾਏ ਦੀਆਂ ਸੰਗਤਾਂ ਨੇ ਉਚੇਚੇ ਤੌਰ ’ਤੇ ਹਾਜ਼ਰੀ ਭਰੀ। ਸਮਾਗਮ ਵਿੱਚ ਹਾਜ਼ਰ ਸਾਰੀਆਂ ਸ਼ਖਸੀਅਤਾਂ ਨੇ ਇੰਜੀ: ਨਰਿੰਦਰ ਬੰਗਾ ਨੂੰ ਉਨ੍ਹਾਂ ਦੀ ਸੇਵਾਮੁਕਤੀ ’ਤੇ ਸ਼ੁਭਕਾਮਨਾਵਾਂ ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਇਸੇ ਤਰ੍ਹਾਂ ਜਾਰੀ ਰੱਖਣਗੇ।

0 Comments