ਜਲੰਧਰ, 25 ਸਤੰਬਰ (ਅਮਰਜੀਤ ਸਿੰਘ)- ਵਿੱਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਲਈ ਸਮੱਗਰਾ ਸਿੱਖਿਆ ਅਭਿਆਨ ਤਹਿਤ "ਕਲਾ ਉਤਸਵ" ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗੁਰਿੰਦਰਜੀਤ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੀਵ ਜੋਸ਼ੀ ਦੀ ਅਗਵਾਈ ਵਿੱਚ ਸਥਾਨਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਵਿਖੇ ਸ਼ੁਰੂ ਹੋਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲਾ ਉਤਸਵ ਦੇ ਨੋਡਲ ਅਫ਼ਸਰ ਪ੍ਰਿੰਸੀਪਲ ਗੋਹਰੀਨਾ ਨੇ ਦੱਸਿਆ ਕਿ ਸਮੱਗਰਾ ਸਿੱਖਿਆ ਅਭਿਆਨ ਤਹਿਤ ਕਲਾ ਉਤਸਵ ਵਿੱਚ ਨੌਂਵੀਂ ਤੋਂ ਬਾਰ੍ਹਵੀਂ ਤੱਕ ਦੇ ਵਿੱਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕਲਾ ਉਤਸਵ ਦੇ ਪਹਿਲੇ ਦਿਨ ਰਵਾਇਤੀ ਕਹਾਣੀ ਸੁਣਾਉਣਾ, ਨਾਟਕ ਅਤੇ ਇੰਸਟਰੂਮੈਂਟਲ ਸੰਗੀਤ ਵਾਦਨ ਮੁਕਾਬਲਿਆਂ ਵਿੱਚ ਸਰਕਾਰੀ, ਗ਼ੈਰ ਸਰਕਾਰੀ, ਏਡਿਡ ਅਤੇ ਕੇੰਦਰੀ ਸਕੂਲਾਂ ਦੇ 127 ਵਿੱਦਿਆਰਥੀਆਂ ਵੱਲੋਂ ਵਧ ਚੜ੍ਹ ਕੇ ਭਾਗ ਲਿਆ ਗਿਆ। ਉਨ੍ਹਾਂ ਭਾਗ ਲੈਣ ਵਾਲੇ ਵਿੱਦਿਆਰਥੀਆਂ ਨੂੰ ਸ਼ੁਭਇੱਛਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿੱਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਿਕ ਮੁਕਾਬਲਿਆਂ ਵਿੱਚ ਵੀ ਰੁਚੀ ਲੈਣੀ ਚਾਹੀਦੀ ਹੈ। ਅੱਜ ਦੇ ਨਾਟਕ ਮੁਕਾਬਲਿਆਂ ਵਿੱਚ ਐਚ.ਐਮ.ਵੀ ਕਾਲਜੀਏਟ ਸਕੂਲ ਨੇ ਪਹਿਲਾ, ਸਰਕਾਰੀ ਕੰਨਿਆ ਹਾਈ ਸਕੂਲ ਤਲਵਣ ਨੇ ਦੂਸਰਾ ਅਤੇ ਦੁਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਟਕ ਮੁਕਾਬਲਿਆਂ ਵਿੱਚ ਹਰਜੀਤ ਸਿੰਘ, ਕਮਲਜੀਤ ਸਿੰਘ ਅਤੇ ਹਰੀਸ਼ ਚੰਦਰ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਰਵਾਇਤੀ ਕਹਾਣੀ ਸੁਣਾਉਣ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਰਸੂਲਪੁਰ ਨੇ ਪਹਿਲਾ, ਐਚ.ਐਮ.ਵੀ ਕਾਲਜੀਏਟ ਸਕੂਲ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਗਜਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਅਮਨਦੀਪ ਕੌਰ, ਰਵਿੰਦਰ ਕੁਮਾਰ ਅਤੇ ਸੀਮਾ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਸੰਗੀਤ ਵਾਦਨ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਮੀਪੁਰ ਨੇ ਪਹਿਲਾ, ਸਰਕਾਰੀ ਮਾਡਲ ਸਹਿ-ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਨੇ ਦੂਸਰਾ ਅਤੇ ਐਚ.ਐਮ.ਵੀ ਕਾਲਜੀਏਟ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵੰਦਨਾ ਸ਼ਰਮਾ, ਅਮਨਪ੍ਰੀਤ ਕੌਰ ਅਤੇ ਪੁਨੀਤ ਨੇ ਜੱਜ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਗੋਹਰੀਨਾ ਅਤੇ ਜੱਜਾਂ ਵਲੋਂ ਜੇਤੂ ਵਿੱਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਮੁਕਾਬਲਿਆਂ ਵਿਚ ਲੈਕਚਰਰਾਰ ਵੰਦਨਾ ਸ਼ਰਮਾ, ਰਾਜਵਿੰਦਰ ਕੌਰ, ਜਯੋਤੀ,ਰਮੇਸ਼ ਪਾਲ, ਸੁਨੀਤਾ, ਪੁਨੀਤ, ਸੁਖਵਿੰਦਰ ਸਿੰਘ, ਮਨਦੀਪ ਕੌਰ ਅਤੇ ਵਿਕਰਮ ਸਿੰਘ ਵੱਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ। ਜ਼ਿਕਰਯੋਗ ਹੈ ਕਿ ਜ਼ਿਲਾ ਪੱਧਰੀ ਮੁਕਾਬਲਿਆਂ ਦੇ ਜੇਤੂ ਵਿੱਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ ਬਲਜੀਤ ਕੌਰ ਬੱਲ, ਅਵਨੀਤ ਕੌਰ ਅਤੇ ਰਜਿੰਦਰ ਕੌਰ ਤੋਂ ਅਲਾਵਾ ਭਾਗ ਲੈਣ ਵਾਲੇ ਵਿੱਦਿਆਰਥੀ ਅਤੇ ਉਨ੍ਹਾਂ ਨਾਲ ਆਏ ਗਾਈਡ ਅਧਿਆਪਕ ਵੀ ਹਾਜ਼ਰ ਸਨ।
0 Comments