ਆਦਮਪੁਰ, 21 ਜਨਵਰੀ (ਅਮਰਜੀਤ ਸਿੰਘ, ਬਲਵੀਰ ਸਿੰਘ ਕਰਮ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲ੍ਹਾਂ ਵਿਖੇ ਧੰਨ ਧੰਨ ਸ਼ਹੀਦ ਬਾਬਾ ਮੱਤੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਅੱਜ 21 ਜਨਵਰੀ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੁਰੂ ਹੋ ਚੁੱਕੇ ਹਨ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਕੀਤੇ ਗਏ। ਇਨ੍ਹਾਂ ਤਿੰਨ ਦਿਨਾਂ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ 3.30 ਵਜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੰਧਿਆ ਫੇਰੀ ਕੱਢੀ ਗਈ। ਇਸ ਮੌਕੇ ਤੇ ਸੰਤ ਜਨਕ ਸਿੰਘ ਜੀ ਡੇਰਾ ਸੰਤਪੁਰਾ ਜੱਬੜ ਸਾਹਿਬ, ਬਾਬਾ ਮੋਹਣ ਸਿੰਘ ਜੀ ਡੇਰਾ ਸੰਤਪੁਰਾ ਜੱਬੜ ਸਾਹਿਬ ਜੀ ਵੀ ਸੰਧਿਆ ਫੇਰੀ ਦੀ ਅਰੰਭਤਾ ਮੌਕੇ ਪੁੱਜੇ। ਇਹ ਸੰਧਿਆ ਫੇਰੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਤੋਂ ਦਸ ਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਅਰੰਭ ਹੋਈ। ਜਿਸਨੇ ਸਾਰੇ ਨਗਰ ਡਰੋਲੀ ਕਲਾਂ ਦੀ ਪ੍ਰਕਰਮਾਂ ਕੀਤੀ ਅਤੇ ਪਿੰਡ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਸ਼੍ਰੀ ਵਾਲਮੀਕਿ ਜੀ ਮੰਦਿਰ, ਗੁਰਦੁਆਰਾ ਸਿੰਘ ਸਭਾ ਅਕਾਲੀ ਪਾਤਸ਼ਾਹੀ ਛੇਵੀਂ, ਗੁਰਦੁਆਰਾ ਭਾਈ ਸੁੰਦਰ ਦਾਸ ਜੀ, ਗੁਰੂ ਘਰ ਭਾਈ ਸੁੱਖਾ ਸਿੰਘ ਦੇ ਸੇਵਾਦਾਰਾਂ, ਅਤੇ ਸਮੂਹ ਸੰਗਤਾਂ ਵੱਲੋਂ ਸੰਧਿਆ ਫੇਰੀ ਦਾ ਜਿਥੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਉਥੇ ਸੰਧਿਆ ਫੇਰੀ ਨਾਲ ਜੁੱੜੀਆਂ ਸੰਗਤਾਂ ਲਈ ਦੁੱਧ, ਚਾਹ ਤੇ ਮਠਿਆਈਆਂ ਤੇ ਫਲ ਫਰੂਟ ਦੇ ਲੰਗਰ ਵੀ ਲਗਾਏ ਗਏ। ਸੰਧਿਆ ਫੇਰੀ ਰਾਤ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਈ ਉਪਰੰਤ ਰਾਤ ਦੇ ਦੀਵਾਨ ਸਜਾਏ ਗਏ। ਜਿਸ ਵਿੱਚ ਮੀਰੀ ਪੀਰੀ ਖ਼ਾਲਸਾ ਜਗਾਧਰੀ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦਸਿਆ ਕਿ ਭੱਲਕੇ ਇਸੇ ਲੜੀ ਤਹਿਤ 22 ਜਨਵਰੀ ਦਿਨ ਬੁੱਧਵਾਰ ਨੂੰ ਸ਼ਾਮ 3.30 ਵਜੇ ਸੰਧਿਆ ਫੇਰੀ ਸਜਾਈ ਜਾਵੇਗੀ ਉਪਰੰਤ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਕਿਹਾ 23 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਰਾਗੀ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਤੇ ਭਾਈ ਗੁਰਕੀਰਤ ਸਿੰਘ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਰਾਗੀ ਭਾਈ ਤਵਨੀਤ ਸਿੰਘ ਜੱਥਾ ਚੰਡੀਗੜ੍ਹ, ਭਾਈ ਜਤਿੰਦਰ ਸਿੰਘ ਬੈਂਸ ਢਾਡੀ ਜੱਥਾ ਕੰਦੋਲਾ ਤੇ ਭਾਈ ਤਰਸੇਮ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾ ਦੇ ਜਥਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਹਰਦਿਆਲ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਇਕਬਾਲ ਸਿੰਘ, ਸਰਪੰਚ ਰਛਪਾਲ ਸਿੰਘ, ਡਾ. ਗੁਰਦੀਪ ਸਿੰਘ, ਕਮਲਜੀਤ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ ਤੇ ਹੋਰ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।
0 Comments