ਨੰਗਲ 23 ਮਾਰਚ (ਜੋਗਿੰਦਰ ਰਾਣਾ), ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ 28 ਮਾਰਚ ਨੂੰ ਜਬਰ ਵਿਰੋਧੀ ਦਿਨ ਵਜੋਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨੇ ਮਾਰਨ ਤੇ ਦਿੱਤੇ ਸੱਦੇ ਤਹਿਤ ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ ਦੀ ਅਗਵਾਈ ਹੇਠ ਬੇਲਾ ਪੱਤੀ ਟੇਕ ਸਿੰਘ, ਬੇਲਾ ਰਾਮਗੜ੍ਹ ਵਿਖੇ ਕਿਸਾਨਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੁਰਜੀਤ ਢੇਰ ਨੇ ਕਿਹਾ ਪੰਜਾਬ ਸਰਕਾਰ ਦੇ ਕਿਸਾਨ ਲਹਿਰ ਵਿਰੁੱਧ ਕੀਤੇ ਜਾ ਰਹੇ ਜਬਰ ਦੇ ਵਿਰੋਧ 28 ਮਾਰਚ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਧਰਨੇ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਹਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਜਬਰ ਵਿਰੋਧੀ ਦਿਨ ਵਜੋਂ ਮਨਾਇਆ ਜਾਵੇਗਾ। ਕਿਸਾਨ ਜਥੇਬੰਦੀਆਂ ਸੂਬੇ ਦੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇਹਨਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ। ਜਬਰ ਵਿਰੋਧੀ ਕਾਰਨ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਪ੍ਰੋਗਰਾਮ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਮੁਲਤਵੀ ਕਰ ਦਿੱਤਾ ਹੈ। ਕਾਮਰੇਡ ਢੇਰ ਨੇ ਮੰਗ ਕੀਤੀ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਆਪਣਾ ਜਬਰ ਵਿਰੋਧੀ ਵਤੀਰਾ ਬੰਦ ਕਰੇ ਅਤੇ ਸੂਬੇ ਵਿੱਚ ਸਾਜ਼ਗਾਰ ਮਾਹੌਲ ਬਣਾ ਕੇ ਕਿਸਾਨਾਂ ਨਾਲ ਗੱਲ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਸ਼ੰਭੂ ਤੇ ਖਨੌਰੀ ਬਾਰਡਰ ਤੇ ਗਿਰਫਤਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਉਹਨਾਂ ਦੇ ਸੰਦ ਅਤੇ ਹੋਰ ਕੀਮਤੀ ਸਮਾਨ ਵਾਪਸ ਕੀਤਾ ਜਾਵੇ, ਜਬਰ ਬੰਦ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਵਿਰੋਧੀ ਸਰਕਾਰ ਸਾਬਤ ਹੋ ਰਹੀ ਹੈ। ਜੋ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਕਿਸਾਨਾਂ ਤੇ ਬੇਹਤਾਸ਼ਾ ਜਬਰ ਢਾਇਆ ਜਾ ਰਿਹਾ ਹੈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਕੁੱਲ ਹਿੰਦ ਕਿਸਾਨ ਸਭਾ ਦੇਸ਼ ਪੱਧਰ ਦੀ ਸਭ ਤੋਂ ਵੱਡੀ ਕਿਸਾਨਾਂ ਦੀ ਜਥੇਬੰਦੀ ਹੈ।ਇਸ ਦਾ ਨੀਂਹ ਪੱਥਰ 1936 ਵਿੱਚ ਮਹਾਨ ਦੇਸ਼ ਭਗਤਾਂ ਨੇ ਰੱਖਿਆ ਸੀ। ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਦੇ ਭਲੇ ਲਈ ਕਿਸਾਨ ਨੀਤੀ ਬਣਾਈ ਜਾਵੇ।ਪਿੰਡਾਂ ਦੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਮੈਂਬਰ ਬਣ ਕੇ ਆਪਣੀ ਹੱਕੀ ਤੇ ਜਾਇਜ਼ ਮੰਗਾਂ ਲਈ ਇੱਕਮੁੱਠ ਹੋ ਕੇ ਲੜਾਈ ਲੜਨੀ ਪੈਣੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਇਕੱਠੇ ਹੋਣਗੇ ਤਾਂ ਸਤਲੁਜ ਦਰਿਆ ਵਿੱਚ ਗੈਰ ਕਾਨੂੰਨੀ ਮਾਈਨਿੰਗ ਸਿਲਟ ਦੇ ਨਾਂ ਤੇ ਕਰਨ ਸਰਕਾਰ ਦੇ ਮੰਤਰੀ ਦਾ ਸੁਪਨਾ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਤੇ ਕਿਸਾਨਾਂ ਨੂੰ ਭਰਤੀ ਕਰਨ ਦੀ ਮੁਹਿੰਮ ਆਰੰਭਣ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਤੇ ਹਰਜੀਤ ਸਿੰਘ ਵਿਰਕ ,ਜਸਵੰਤ ਸਿੰਘ ਬੇਲਾ ਸਾਬਕਾ ਸਰਪੰਚ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਬੇਲਾ, ਰਾਜਵੀਰ ਸਿੰਘ, ਮੇਜਰ ਸਿੰਘ, ਮਾਸਟਰ ਪਰਮਿੰਦਰ ਸਿੰਘ, ਰਣਵੀਰ ਸਿੰਘ ਅਟਵਾਲ, ਜਸਵੀਰ ਸਿੰਘ ਦਿਆਲ, ਮਲਕੀਤ ਸਿੰਘ ਮਾਨ ,ਮਲਕੀਤ ਸਿੰਘ ਦਿਆਲ, ਬਲਵਿੰਦਰ ਸਿੰਘ, ਬਲਕਾਰ ਸਿੰਘ ਬੇਲਾ ਵੀ ਹਾਜ਼ਰ ਸਨ। ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਪੁਲਿਸ ਪਟਿਆਲਾ ਵੱਲੋਂ ਕਰਨਲ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਕਰਨਲ ਤੇ ਉਸ ਦੇ ਪੁੱਤਰ ਤੇ ਤਸ਼ੱਦਦ ਢਾਹੁਣ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਸੂਬੇ ਵਿੱਚ ਪੁਲਸੀਆ ਰਾਜ ਨੂੰ ਬੰਦ ਕੀਤਾ ਜਾਵੇ।
0 Comments