ਕੀਰਤਪੁਰ ਸਾਹਿਬ, 17 ਮਾਰਚ (ਜੋਗਿੰਦਰ ਰਾਣਾ/ਦਰਸ਼ ਰਾਣਾ)- ਕੀਰਤਪੁਰ ਸਾਹਿਬ ਸਥਿਤ ਮੁੱਢਲੇ ਸਿਹਤ ਕੇਂਦਰ ਵਿਚ ਆਸ਼ਾ ਵਰਕਰਾਂ ਲਈ "ਮਾਨਸਿਕ ਸਿਹਤ, ਇਲਾਜ ਅਤੇ ਬਜ਼ੁਰਗਾਂ ਦੀ ਦੇਖਭਾਲ" ਵਿਸ਼ੇ 'ਤੇ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਦੂਜਾ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ।
ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਆਸ਼ਾ ਵਰਕਰਾਂ ਅਤੇ ਆਸ਼ਾ ਫ਼ੈਸਿਲੀਟੇਟਰ ਨੂੰ ਬਜ਼ੁਰਗਾਂ ਦੀ ਦੇਖਭਾਲ, ਇਲਾਜ ਅਤੇ ਉਹਨਾਂ ਦੀ ਮਾਨਸਿਕ ਸਿਹਤ ਬਾਰੇ ਸਿੱਖਿਅਤ ਕਰਕੇ ਬੁਢਾਪੇ 'ਚ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਨੂੰ ਘੱਟ ਕਰਨਾ ਅਤੇ ਉਹਨਾਂ ਦੀ ਦੇਖਭਾਲ ਲਈ ਵਰਤੀਆਂ ਜਾਣ ਵਾਲੀਆਂ ਵਿਧੀਆਂ ਬਾਰੇ ਸਿੱਖਿਅਤ ਕਰਨਾ ਹੈ। ਉਹਨਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਤੋਂ ਬਾਅਦ ਆਸ਼ਾ ਵਰਕਰਾਂ ਨੂੰ ਬਜ਼ੁਰਗ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਵਿਚ ਮੱਦਦ ਮਿਲੇਗੀ ਅਤੇ ਉਹਨਾਂ ਦੀ ਕਾਰਜ ਕੁਸ਼ਲਤਾ ਵਿਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਪੀੜ੍ਹਤ ਬਜ਼ੁਰਗਾਂ ਲਈ ਸਹੀ ਇਲਾਜ ਅਤੇ ਦਵਾਈਆਂ ਦੀ ਵਰਤੋਂ ਕਰਨ ਦੀ ਸਮਝ ਵਿਚ ਵੀ ਵਾਧਾ ਹੋਵੇਗਾ।
ਡਾ.ਦਲਜੀਤ ਕੌਰ ਨੇ ਕਿਹਾ ਕਿ ਆਸ਼ਾ ਵਰਕਰ ਆਪਣੇ ਸਬੰਧਤ ਖੇਤਰ ਦੇ ਨਿਵਾਸੀਆਂ ਦੀਆਂ ਮੁੱਢਲੀਆਂ ਲੋੜਾਂ, ਸਮਾਜਿਕ ਤੇ ਆਰਥਿਕ ਸਥਿਤੀ ਅਤੇ ਰੀਤੀ-ਰਿਵਾਜ਼ਾਂ ਵਰਗੇ ਸਾਰੇ ਪੱਖਾਂ ਤੋਂ ਜਾਣੂ ਹੁੰਦੀਆਂ ਹਨ ਪਰ ਫਿਰ ਵੀ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰਨ ਲਈ ਉਹਨਾਂ ਨੂੰ ਹੋਰ ਜ਼ਿਆਦਾ ਸਿਖਲਾਈ ਦੀ ਲੋੜ ਹੁੰਦੀ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਸਿਹਤ ਵਿਭਾਗ ਵੱਲੋਂ ਇਸ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ ਆਸ਼ਾ ਵਰਕਰਾਂ ਨੂੰ ਉਹਨਾਂ ਦੇ ਮੁੱਢਲੇ ਕੰਮ ਕਰਨ ਦੀ ਸਹੀ ਵਿਧੀ ਅਤੇ ਬਜ਼ੁਰਗ ਮਰੀਜ਼ਾਂ ਨੂੰ ਸਮੇਂ ਸਿਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਸਬੰਧੀ ਮਹੱਤਵਪੂਰਣ ਜਾਣਕਾਰੀ ਦਿੱਤੀ ਜਾਵੇਗੀ।
ਬਲਾਕ ਐਜੂਕੇਟਰ ਰਤਿਕਾ ਉਬਰਾਏ ਨੇ ਦੱਸਿਆ ਕਿ 21 ਮਾਰਚ ਤੱਕ ਚੱਲਣ ਵਾਲੇ ਇਸ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਸੀ.ਐੱਚ.ਓ ਗਗਨਦੀਪ ਕੌਰ ਵੱਲੋਂ 40 ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ 5 ਤੋਂ 10 ਮਾਰਚ ਤੱਕ ਚੱਲੇ ਸੈਸ਼ਨ ਦੌਰਾਨ 40 ਆਸ਼ਾ ਵਰਕਰਾਂ ਅਤੇ ਆਸ਼ਾ ਫ਼ੈਸਿਲੀਟੇਟਰ ਨੂੰ ਬਜ਼ੁਰਗਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵਿਚ ਸੁਧਾਰ ਲਿਆਉਣ ਵਿੱਚ ਸਹਾਈ ਵਿਧੀਆਂ ਬਾਰੇ ਜਾਣਕਾਰੀ ਅਤੇ ਵਿਹਾਰਕ ਸਿਖਲਾਈ (ਪ੍ਰੈਕਟੀਕਲ ਟ੍ਰੇਨਿੰਗ) ਦਿੱਤੀ ਗਈ ਜੋ ਆਸ਼ਾ ਵਰਕਰਾਂ ਦੀ ਕਾਰਜ ਕੁਸ਼ਲਤਾ ਵਧਾਉਣ ਵਿਚ ਮੱਦਦਗਾਰ ਸਾਬਿਤ ਹੋਵੇਗੀ।ਇਸ ਮੌਕੇ ਸੀ.ਓ ਭਰਤ ਕਪੂਰ ਵੀ ਮੌਜੂਦ ਰਹੇ।
0 Comments