ਜਲੰਧਰ, (ਅਮਰਜੀਤ ਸਿੰਘ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਾਡਲ ਟਾਊਨ ਡਵੀਜ਼ਨ ਦਾ ਚੋਣ ਅਜਲਾਸ ਥੋੜੂ ਰਾਮ ਡਵੀਜ਼ਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਜਸਵੰਤ ਸਿੰਘ ਸਮਰਾ ਹਾਲ ਜਲੰਧਰ ਵਿਖੇ ਕੀਤਾ ਗਿਆ। ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼ਾਮਲ ਹੋਏ। ਅਜਲਾਸ ਸ਼ੁਰੂ ਕਰਨ ਤੋਂ ਪਹਿਲਾਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਡਵੀਜ਼ਨ ਸਕੱਤਰ ਪ੍ਰੇਮ ਲਾਲ ਨੇ ਪਿਛਲੇ ਤਿੰਨ ਸਾਲਾਂ ਤੋਂ ਵੱਧ ਸਮੇਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਅਤੇ ਡਵੀਜ਼ਨ ਵਿਤ ਸਕੱਤਰ ਕ੍ਰਿਸ਼ਨ ਦੱਤ ਨੇ ਆਮਦਨ ਅਤੇ ਖਰਚੇ ਦਾ ਹਿਸਾਬ ਪੇਸ਼ ਕੀਤਾ। ਦੋਵਾਂ ਰਿਪੋਰਟਾਂ ਤੇ ਸਾਰੇ ਪੈਨਸ਼ਨਰਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ। ਡਵੀਜ਼ਨ ਪ੍ਰਧਾਨ ਨੇ ਪਿਛਲੇ ਸਮੇਂ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵਿਰੁੱਧ ਕੀਤੇ ਗਏ ਸੰਘਰਸ਼ਾਂ ਵਿੱਚ ਪੈਨਸ਼ਨਰ ਸਾਥੀਆਂ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਪਿਛਲੀ ਕਮੇਟੀ ਭੰਗ ਕਰਕੇ ਸਰਕਲ ਪ੍ਰਧਾਨ ਨੂੰ ਅਗਲੇ ਤਿੰਨ ਸਾਲਾਂ ਲਈ ਡਵੀਜ਼ਨ ਕਮੇਟੀ ਦੀ ਚੋਣ ਕਰਨ ਲਈ ਅਪੀਲ ਕੀਤੀ। ਜਲੰਧਰ ਸਰਕਲ ਦੇ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਸ਼ਿਰੀ ਰਾਮ ਜੱਗੀ ਦੀ ਪ੍ਰਧਾਨਗੀ ਹੇਠ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਡਵੀਜ਼ਨ ਪ੍ਰਧਾਨ ਥੋੜੂ ਰਾਮ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਦਾਸ, ਮੀਤ ਪ੍ਰਧਾਨ ਬਲਵਿੰਦਰ ਕੁਮਾਰ, ਸਕੱਤਰ ਹਰਮੇਸ਼ ਸਿੰਘ, ਸਹਾਇਕ ਸਕੱਤਰ ਪ੍ਰੇਮ ਲਾਲ, ਵਿੱਤ ਸਕੱਤਰ ਮਲਕੀਤ ਚੰਦ, ਪ੍ਰੈਸ ਸਕੱਤਰ ਹਰੀ ਕ੍ਰਿਸ਼ਨ, ਆਡੀਟਰ ਜਸਵੀਰ ਸਿੰਘ, ਜਥੇਬੰਦਕ ਸਕੱਤਰ ਰਣਜੀਤ ਸਿੰਘ ਤੋਂ ਇਲਾਵਾ ਕਾਰਜਕਾਰੀ ਮੈਂਬਰੀ ਸਤਪਾਲ ਡਰੋਲੀ, ਤਰਲੋਚਨ ਸਿੰਘ, ਕ੍ਰਿਸ਼ਨ ਦੱਤ, ਭਜਨ ਸਿੰਘ ਅਤੇ ਗੁਰਦੇਵ ਸਿੰਘ ਸਰਵ ਸੰਮਤੀ ਨਾਲ ਚੁਣੇ ਗਏ।
ਚੁਣੀ ਗਈ ਕਮੇਟੀ ਨੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਪੁਰਜ਼ੋਰ ਯਤਨ ਕਰਨ ਦਾ ਪ੍ਰਣ ਕੀਤਾ। ਚੋਣ ਅਜਲਾਸ ਨੂੰ ਸੰਬੋਧਨ ਕਰਦਿਆਂ ਸਰਕਲ ਆਗੂ ਪ੍ਰੇਮ ਲਾਲ, ਥੋੜੂ ਰਾਮ, ਅਵਤਾਰ ਸਿੰਘ, ਜੋਗਿੰਦਰ ਪਾਲ, ਚਮਨ ਜੀਤ ਸਿੰਘ ਅਤੇ ਬਾਲ ਕ੍ਰਿਸ਼ਨ ਨੇ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਮਿਤੀ 22 ਮਾਰਚ 2025 ਨੂੰ ਬਿਜਲੀ ਮੰਤਰੀ ਦੇ ਨਿਵਾਸ ਸਥਾਨ ਅੰਮ੍ਰਿਤਸਰ ਵਿਖੇ ਪੰਜਾਬ ਪੱਧਰ ਦੇ ਧਰਨੇ ਵਿੱਚ ਜਲੰਧਰ ਸਰਕਲ ਤੋਂ ਬਹੁਤ ਵੱਡੀ ਪੱਧਰ ਤੇ ਪੈਨਸ਼ਨਰਜ਼ ਸ਼ਾਮਲ ਹੋਣਗੇ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਸ਼ਾਂਤ ਮਈ ਸੰਘਰਸ਼ ਨੂੰ ਦਬਾਉਣ ਲਈ ਉਹਨਾਂ ਦੀਆਂ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਅਤੇ ਉਹਨਾਂ ਨੂੰ ਘਰਾਂ ਵਿੱਚ ਨਜ਼ਰ ਬੰਦ ਕਰਨ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅੰਤ ਵਿੱਚ ਡਵੀਜ਼ਨ ਪ੍ਰਧਾਨ ਸ੍ਰੀ ਥੋੜੂ ਰਾਮ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।
0 Comments