ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਇਹ ਕੇਵਲ ਅਭਿਆਸ ਹੈ: ਡਿਪਟੀ ਕਮਿਸ਼ਨਰ
ਜਲੰਧਰ, 6 ਮਈ (ਅਮਰਜੀਤ ਸਿੰਘ)- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਮੱਦੇਨਜ਼ਰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ 7 ਮਈ ਨੂੰ ਅਭਿਆਸ ਕੀਤਾ ਜਾ ਰਿਹਾ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਕੰਟੋਨਮੈਂਟ ਏਰੀਆ ਵਿੱਚ ਅੱਜ ਰਾਤ 8 ਤੋਂ 9 ਵਜੇ ਤੱਕ ਬਲੈਕ ਆਊਟ ਦਾ ਅਭਿਆਸ ਕੀਤਾ ਜਾ ਰਿਹਾ ਹੈ, ਜਦਕਿ ਬਾਕੀ ਜਲੰਧਰ ਜ਼ਿਲ੍ਹੇ ਵਿੱਚ ਇਹ ਅਭਿਆਸ 7 ਮਈ ਨੂੰ ਰਾਤ 8 ਤੋਂ 9 ਵਜੇ ਤੱਕ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੌਰਾਨ ਸਾਰੇ ਏਰੀਏ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਵੀ ਇਹ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ। ਜੇਕਰ ਉਨ੍ਹਾਂ ਕਿਸੇ ਵਜ੍ਹਾ ਕਾਰਨ ਇਹ ਚਾਲੂ ਰੱਖਣੇ ਹਨ ਤਾਂ ਉਹ ਆਪਣੀਆਂ ਲਾਈਟਾਂ ਇਸ ਢੰਗ ਨਾਲ ਚਲਾਉਣ ਕਿ ਉਨ੍ਹਾਂ ਦੀ ਰੌਸ਼ਨੀ ਖਿੜਕੀ ਜਾਂ ਦਰਵਾਜ਼ੇ ਤੋਂ ਬਾਹਰ ਨਾ ਜਾਵੇ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ ‘ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ, ਤਾਂ ਜੋ ਇਲਾਕੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ। ਇਸ ਸਮੇਂ ਦੌਰਾਨ ਜੇਕਰ ਕੋਈ ਸੜਕ ਉੱਤੇ ਗੱਡੀ ਲਿਜਾ ਰਿਹਾ ਹੈ, ਤਾਂ ਉਹ ਉਸਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਤੋਂ ਹੇਠਾਂ ਲਾਹ ਕੇ ਕੱਚੇ ਸਥਾਨ ਉੱਤੇ ਰੋਕ ਲਵੇ। ਉਨ੍ਹਾਂ ਕਿਹਾ ਕਿ ਇਹ ਸਿਵਲ ਡਿਫੈਂਸ ਵੱਲੋਂ ਅਭਿਆਸ ਦੇ ਤੌਰ ‘ਤੇ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਡਰਨ ਜਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
---------
0 Comments