ਫਗਵਾੜਾ 23 ਮਈ (ਸ਼ਿਵ ਕੌੜਾ)- ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੇ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਫਗਵਾੜਾ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਹਰਨੂਰ ਸਿੰਘ ਮਾਨ, ਸ਼ਹਿਰ ਦੇ ਮੇਅਰ ਰਾਮਪਾਲ ਉੱਪਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਰਨੈਲ ਨੰਗਲ, ਨਿਗਮ ਦੇ ਡਿਪਟੀ ਮੇਅਰ ਵਿੱਕੀ ਸੂਦ ਵੀ ਸਨ। ਅਕੈਡਮੀ ਦੇ ਸੰਚਾਲਕ ਅਤੇ ਸਾਬਕਾ ਅੰਤਰਰਾਸ਼ਟਰੀ ਰੈਸਲਿੰਗ ਕੋਚ ਪੀ.ਆਰ. ਸੌਂਧੀ ਨੇ ਡਾ. ਚੱਬੇਵਾਲ ਅਤੇ ਸਮੂਹ ਆਪ ਆਗੂਆਂ ਨੂੰ ਅਕੈਡਮੀ ‘ਚ ਪਹਿਲਵਾਨਾਂ ਲਈ ਟ੍ਰੇਨਿੰਗ ਦੇ ਕੀਤੇ ਪ੍ਰਬੰਧਾ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਪਹਿਲਵਾਨਾਂ ਵਲੋਂ ਸੂਬੇ ਅਤੇ ਕੌਮੀ ਪੱਧਰ ‘ਤੇ ਜਿੱਤੇ ਮੈਡਲਾਂ ਬਾਰੇ ਵੀ ਜਾਣੂ ਕਰਵਾਇਆ। ਇਸ ਦੌਰਾਨ ਉਹਨਾਂ ਨੇ ਮੰਗ ਕੀਤੀ ਕਿ ਪਹਿਲਵਾਨਾਂ ਦੇ ਅਖਾੜੇ ਲਈ ਸਰਕਾਰੀ ਤੌਰ ਤੇ ਜਗ੍ਹਾ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਅਕੈਡਮੀ ‘ਚ ਪੱਕੇ ਤੌਰ ਤੇ ਕੋਚ ਦੀ ਨਿਯੁਕਤੀ ਕਰਵਾਈ ਜਾਵੇ ਅਤੇ ਪਹਿਲਵਾਨਾਂ ਦੀ ਸਹੂਲਤ ਲਈ ਗੱਦਿਆਂ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵਲੋਂ ਕਰਵਾਇਆ ਜਾਵੇ। ਪੀ.ਆਰ. ਸੌਂਧੀ ਨੇ ਦੱਸਿਆ ਕਿ ਉਹਨਾਂ ਦੀ ਅਕੈਡਮੀ ਦੇ ਪਹਿਲਵਾਨ ਵੱਖ ਵੱਖ ਵਰਗਾਂ ‘ਚ ਜਿਲ੍ਹਾ ਅਤੇ ਰਾਜ ਪੱਧਰ ‘ਤੇ ਚੈਂਪੀਅਨਸ਼ਿਪ ਜਿੱਤ ‘ਚ ਸਫਲ ਰਹੇ ਹਨ। ਕੌਮੀ ਪੱਧਰ ਤੇ ਵੀ ਕਈ ਗੋਲਡ ਮੈਡਲ ਜਿੱਤੇ ਹਨ। ਉਹਨਾਂ ਹੋਣਹਾਰ ਪਹਿਲਵਾਨਾਂ ਨੂੰ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਦੇਣ ਦੀ ਮੰਗ ਵੀ ਕੀਤੀ ਤਾਂ ਜੋ ਉਹ ਅੰਤਰ-ਰਾਸ਼ਟਰੀ ਪੱਧਰ ‘ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਇਸ ਦੌਰਾਨ ਸ਼ਿੰਗਾਰਾ ਸਿੰਘ ਪਹਿਲਵਾਨ ਦੇ ਪਿਤਾ ਐਨ.ਆਰ.ਆਈ. ਹਰਭਜਨ ਸਿੰਘ ਢੇਸੀ ਕਨੇਡਾ ਵਲੋਂ ਅਕੈਡਮੀ ਦੇ ਪਹਿਲਵਾਨਾਂ ਨੂੰ ਬਦਾਮ ਅਤੇ ਭੁਪਿੰਦਰ ਸਿੰਘ ਸਿਆਣ ਲੁਧਿਆਣਾ ਪ੍ਰਬੰਧਕ ਮੰਨਨਹਾਣਾ ਕੁਸ਼ਤੀ ਦੰਗਲ ਵਲੋਂ ਟੀ-ਸ਼ਰਟਾਂ ਵੰਡੀਆਂ ਗਈਆਂ। ਡਾ. ਚੱਬੇਵਾਲ ਨੇ ਅਕੈਡਮੀ ਦੇ ਸੰਚਾਲਕਾਂ ਨੂੰ ਭਰੋਸਾ ਦਿੱਤਾ ਕਿ ਉਹ ਹਰ ਸੰਭਵ ਸਰਕਾਰੀ ਮੱਦਦ ਦੁਆਉਣ ਦਾ ਯਤਨ ਕਰਨਗੇ। ਹਰਨੂਰ ਸਿੰਘ ਮਾਨ ਨੇ ਕੋਚ ਦੀ ਪੱਕੀ ਨਿਯੁਕਤੀ ਕਰਵਾਉਣ ਦਾ ਭਰੋਸਾ ਦਿੱਤਾ। ਅਕੈਡਮੀ ਵਲੋਂ ਡਾ. ਚੱਬੇਵਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਪੀ.ਏ., ਸਿਟੀ ਕੇਬਲ ਦੇ ਡਾਇਰੈਕਟਰ ਐਚ.ਐਸ. ਬਸਰਾ, ਕੋਚ ਸਾਜਨ ਰਾਜਪੂਤ, ਕੋਚ ਰਵਿੰਦਰ ਨਾਥ, ਬਲਵੀਰ ਕੁਮਾਰ, ਬੀ.ਐਸ. ਬਾਗਲਾ, ਸਲਵਿੰਦਰ ਸਿੰਘ ਜੱਸੀ, ਬਿਸ਼ੰਭਰ ਦਾਸ, ਸ਼ੱਮੀ ਪਹਿਲਵਾਨ, ਸਨੀ ਲੋਹਾਰਾਂ, ਰੀਤ ਪ੍ਰੀਤ ਪਾਲ ਸਿੰਘ ਪ੍ਰੈਸ ਸਕੱਤਰ ਪੰਜਾਬ ਰੈਸਲਿੰਗ ਐਸੋਸੀਏਸ਼ਨ, ਹਰਮੇਸ਼ ਲਾਲ ਆਦਿ ਹਾਜਰ ਸਨ।
0 Comments