ਐਲ.ਪੀ.ਯੂ. ਨੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਮਹੇੜੂ ਵਿਖੇ ਲਗਾਇਆ ਅੱਖਾਂ ਤੇ ਸਿਹਤ ਜਾਂਚ ਦਾ ਫਰੀ ਕੈਂਪ

ਫਗਵਾੜਾ 22 ਮਈ (ਸ਼ਿਵ ਕੌੜਾ) ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਸਾੲੀਂਸ ਐਂਡ ਟੈਕਨਾਲੋਜੀ (ਡੀ.ਐਸ.ਟੀ.) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਲੋਂ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ (ਐਲ.ਪੀ.ਯੂ.) ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿੱਖਿਆ, ਸਿਹਤ ਅਤੇ ਰੁਜ਼ਗਾਰ ਪ੍ਰੋਜੈਕਟਾਂ ਅਧੀਨ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਮਹੇੜੂ ਵਿਖੇ ਵਿਦਿਆਰਥੀਆਂ ਦੀਆਂ ਅੱਖਾਂ ਅਤੇ ਸਿਹਤ ਜਾਂਚ ਦਾ ਫਰੀ ਕੈਂਪ ਲਗਾਇਆ ਗਿਆ। ਐਲ.ਪੀ.ਯੂ. ਦੀ ਟੀਮ ਵਜੋਂ ਡਾ. ਗੀਤਾ ਅਰੋੜਾ, ਡਾ. ਵੰਦਨਾ ਛਾਬੜਾ ਅਤੇ ਡਾ. ਮਨਵੀਰ ਕੌਰ ਦੀ ਦੇਖਰੇਖ ਹੇਠ ਆਯੋਜਿਤ ਇਸ ਕੈਂਪ ‘ਚ ਫਗਵਾੜਾ ਦੀ ਸਮਾਜ ਸੇਵੀ ਜੱਥੇਬੰਦੀ ਸਰਬ ਨੌਜਵਾਨ ਸਭਾ ਦਾ ਵੀ ਸਹਿਯੋਗ ਰਿਹਾ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅਗਰਵਾਲ ਅਤੇ ਡਾ. ਸਰਬਜੀਤ ਸਿੰਘ (ਸਰਜਨ, ਜਲੰਧਰ) ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਡਾ. ਤੁਸ਼ਾਰ ਅਗਰਵਾਲ ਦੀ ਦੇਖ-ਰੇਖ ਹੇਠ ਉਹਨਾਂ ਦੇ ਹਸਪਤਾਲ ਦੀ ਮਾਹਿਰ ਟੀਮ ਨੇ ਕਰੀਬ 150 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਅੱਖਾਂ ਦੀ ਸੰਭਾਲ ਬਾਰੇ ਜਾਗਰੁਕ ਕੀਤਾ। ਡਾ. ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ। ਡਾ. ਗੀਤਾ ਅਰੋੜਾ,  ਡਾ. ਵੰਦਨਾ ਛਾਬੜਾ ਅਤੇ ਡਾ. ਮਨਵੀਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਸਬੰਧੀ ਮਹੱਤਵਪੂਰਣ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਜੋਕੇ ਸਮੇਂ ‘ਚ ਚੰਗੀ ਸਿਹਤ ਅਤੇ ਸੁਚੱਜੇ ਜੀਵਨ ਪ੍ਰਬੰਧਨ ਨਾਲ ਹੀ ਦੇਹ ਅਰੋਗਤਾ ਅਤੇ ਤੰਦਰੁਸਤੀ ਮਿਲ ਸਕਦੀ ਹੈ। ਸਕੂਲ ਇੰਚਾਰਜ ਮੈਡਮ ਹਰਦੀਪ ਕੌਰ, ਲਖਵੀਰ ਚੰਦ, ਰੀਨਾ ਕੁਮਾਰੀ, ਸੰਗੀਤਾ ਬੰਗੜ ਅਤੇ ਮਨਰਾਜ ਕੌਰ ਨੇ ਐਲ.ਪੀ.ਯੂ. ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਸ ਕੈਂਪ ਲਈ ਐਲ.ਪੀ.ਯੂ. ਤੋਂ ਇਲਾਵਾ ਡਾਕਟਰਾਂ ਦੀ ਸਮੁੱਚੀ ਟੀਮ ਅਤੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੈਂਪ ਦੀ ਸਮਾਪਤੀ ਸਮੇਂ ਲਵਲੀ ਯੁਨੀਵਰਸਿਟੀ ਵਲੋਂ ਡਾਕਟਰ ਸਾਹਿਬਾਨ ਅਤੇ ਸਕੂਲ ਸਟਾਫ ਨੂੰ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਐਲ.ਪੀ.ਯੂ. ਦੀ ਟੀਮ ਨੇ ਮੈਡਮ ਨਵਜੋਤ ਕੌਰ ਅਤੇ ਕੁਮਾਰੀ ਕੋਮਲਪ੍ਰੀਤ ਕੌਰ ਦਾ ਖਾਸ ਤੌਰ ਤੇ ਧੰਨਵਾਦ ਕੀਤਾ।

Post a Comment

0 Comments