ਸ੍ਰੀ ਮੁਕਤਸਰ ਸਾਹਿਬ (ਬਿਊਰੌ)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਉੱਚ ਪੱਧਰੀ ਵਫ਼ਦ ਵੱਲੋਂ ਅੱਜ ਆਪਣੇ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨਾਲ ਉਨ੍ਹਾਂ ਦੇ ਦਫਤਰ ਵਿਖੇ ਫਾਲੋ ਅੱਪ ਮੀਟਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ. ਦਪਿੰਦਰ ਕੁਮਾਰ, ਫੂਡ ਐਂਡ ਸੇਫਟੀ ਅਫਸਰ ਡਾ. ਸਰਬਜੀਤ ਕੌਰ ਅਤੇ ਗੌਰਵ ਸਮੇਤ ਸਟੈਨੋ ਭੂਪਿੰਦਰ ਸਿੰਘ ਵੀ ਮੌਜੂਦ ਸਨ। ਜਦੋਂ ਕਿ ਵਫ਼ਦ ਵਿੱਚ ਮਿਸ਼ਨ ਦੇ ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਲੋਕ ਸੰਪਰਕ ਵਿੰਗ ਦੇ ਡਾਇਰੈਕਟਰ ਵਿਜੇ ਸਿਡਾਨਾ, ਅਸਿਸਟੈਂਟ ਮਿਸ਼ਨ ਪ੍ਰਸ਼ਾਸਨ ਕੋਆਰਡੀਨੇਟਰ ਵਿਕਰਾਂਤ ਤੇਰੀਆ ਅਤੇ ਮਿਸ਼ਨ ਫੋਟੋਗ੍ਰਾਫਰ ਨਰਿੰਦਰ ਕਾਕਾ ਆਦਿ ਮੌਜੂਦ ਸਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਕਰੀਬ ਬਾਈ ਦਿਨ ਪਹਿਲਾਂ ਖਾਣ ਪੀਣ ਦੀਆਂ ਵਸਤੂਆਂ ਉਪਰ ਬਾਹਰੀ ਮਿਲਾਵਟ ਖੋਰੀ ਬਾਰੇ ਮਾਮਲੇ ਸਿਵਲ ਸਰਜਨ ਦੇ ਧਿਆਨ ਵਿੱਚ ਲਿਆਂਦੇ ਗਏ ਸਨ। ਸਿਵਲ ਸਰਜਨ ਵੱਲੋਂ ਉਸੇ ਦਿਨ ਹੀ ਜਿਲ੍ਹਾ ਸਿਹਤ ਅਫਸਰ ਨੂੰ ਪੱਤਰ ਜਾਰੀ ਕਰਕੇ ਮਿਸ਼ਨ ਵੱਲੋਂ ਉਠਾਏ ਨੁਕਤਿਆਂ ਸਬੰਧੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਮੀਟਿੰਗ ਦੌਰਾਨ ਮਿਸ਼ਨ ਵੱਲੋਂ ਸਿਹਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸ਼ਹਿਰ ਵਿੱਚ ਅਕਸਰ ਕੈਮੀਕਲ ਲਗਾ ਕੇ ਫਲ਼ ਵੇਚੇ ਜਾ ਰਹੇ ਹਨ, ਗੋਲ ਗੱਪਿਆਂ ਅਤੇ ਫਲੂਦੇ ਵਾਲੀ ਕੁਫਲੀ ਵਿਕਰੇਤਾਵਾਂ ਵੱਲੋਂ ਹੱਥਾਂ ’ਤੇ ਗਲਾਵਜ ਨਹੀਂ ਚੜਾਏ ਜਾਂਦੇ, ਬਾਜਾਰ ਵਿੱਚ ਮਿਠਾਈਆਂ, ਪਕੌੜੇ, ਸਮੋਸੇ, ਟਿੱਕੀਆਂ ਆਦਿ ਬਿਨਾ ਜਾਲ਼ੀ ਤੋਂ ਰੱਖੀਆਂ ਹੋਈਆਂ ਹਨ। ਡੇਅਰੀ ਵਾਲਿਆਂ ਵੱਲੋਂ ਵੀ ਗਾਹਕਾਂ ਨੂੰ ਦੁੱਧ ਦੇਣ ਵੇਲੇ ਨਾ ਤਾਂ ਹੱਥਾਂ ’ਤੇ ਗਲਾਵਜ ਚੜਾਏ ਹੁੰਦੇ ਹਨ ਅਤੇ ਨਾ ਹੀ ਸਿਰ ਢਕੇ ਹੁੰਦੇ ਹਨ। ਇਸ ਤੋਂ ਇਲਾਵਾ ਹੋਟਲਾਂ ਢਾਬਿਆਂ ਵਿੱਚ ਕੰਮ ਕਰਦੇ ਵੇਟਰ ਅਤੇ ਹੋਰ ਕਰਮਚਾਰੀ ਸਰਕਾਰੀ ਨਿਯਮਾਂ ਅਨੁਸਾਰ ਨਿਰਧਾਰਤ ਵਰਦੀ ਨਹੀਂ ਪਾਉਂਦੇ। ਕਈ ਅਦਾਰਿਆਂ ਵਿੱਚ ਕਿਚਨ ਦੀ ਵੀ ਦੁਰਦਸ਼ਾ ਹੁੰਦੀ ਹੈ। ਐਨਾ ਹੀ ਨਹੀਂ ਹੋਟਲਾਂ ਢਾਬਿਆਂ ’ਤੇ ਕੰਮ ਕਰਨ ਵਾਲੇ ਵੇਟਰਾਂ ਦਾ ਮੈਡੀਕਲ ਵੀ ਨਹੀਂ ਕਰਵਾਇਆ ਜਾਂਦਾ। ਐਨਾ ਹੀ ਨਹੀਂ ਪਕੌੜਿਆਂ ਅਤੇ ਹੋਰ ਤਲ ਕੇ ਵੇਚਣ ਵਾਲੇ ਪਦਾਰਥਾਂ ਲਈ ਸਿੰਗਲ ਯੂਜ ਘਿਓ ਜਾਂ ਤੇਲ ਵੀ ਨਹੀਂ ਵਰਤਿਆ ਜਾਂਦਾ। ਆਪਣੀ ਡਿਊਟੀ ਪ੍ਰਤੀ ਬੇਹੱਦ ਸਮਰਪਨ ਦੀ ਭਾਵਨਾ ਰੱਖਣ ਅਤੇ ਲੋਕਾਂ ਦੀ ਸਿਹਤ ਪ੍ਰਤੀ ਸੁਚੇਤ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਮੌਕੇ ’ਤੇ ਹੀ ਜਿਲ੍ਹਾ ਸਿਹਤ ਅਫਸਰ ਨੂੰ ਹਦਾਇਤਾਂ ਜਾਰੀ ਕਰਕੇ 10 ਦਿਨ ਦੇ ਅੰਦਰ-ਅੰਦਰ ਉਕਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਜੁਬਾਨੀ ਹੁਕਮ ਜਾਰੀ ਕਰ ਦਿੱਤੇ। ਪ੍ਰਧਾਨ ਢੋਸੀਵਾਲ ਨੇ ਮੀਟਿੰਗ ਉਪਰੰਤ ਸਿਵਲ ਸਰਜਨ ਵੱਲੋਂ ਦਿੱਤੇ ਭਰੋਸੇ ’ਤੇ ਯਕੀਨ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਿਸਚਿਤ ਸਮੇਂ ਅੰਦਰ ਉਕਤ ਸਾਰੇ ਨਿਯਮ ਲਾਗੂ ਕਰਵਾ ਦਿੱਤਾ ਜਾਣਗੇ।
0 Comments