ਆਦਮਪੁਰ, 16 ਅਗਸਤ (ਅਮਰਜੀਤ ਸਿੰਘ ਜੰਡੂ ਸਿੰਘਾ)- ਦਿ ਇੰਪੀਰੀਅਲ ਸਕੂਲ, ਗ੍ਰੀਨ ਕੈਂਪਸ ਆਦਮਪੁਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ਼ਰਧਾ ਭਾਵਨਾਂ ਨਾਲ ਮਨਾਇਆ ਗਿਆ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਮਾਗਮ ਦੀ ਸ਼ੁਰੂਆਤ ਪਾਲਨਾ ਸਮਾਰੋਹ ਨਾਲ ਹੋਈ। ਜਿਸ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦੀਆਂ ਝਲਕਾਂ ਸੁੰਦਰ ਸਜਾਵਟ ਅਤੇ ਭਜਨਾਂ ਨਾਲ ਪੇਸ਼ ਕੀਤੀਆਂ ਗਈਆਂ।
ਪਹਿਲੀ ਅਤੇ ਦੂਜੀ ਜਮਾਤ ਦੇ ਛੋਟੇ ਬੱਚੇ ਰਾਧਾ ਅਤੇ ਕ੍ਰਿਸ਼ਨ ਦੇ ਰੂਪ ਵਿੱਚ ਸੱਜ੍ਹ ਕੇ ਸਟੇਜ ’ਤੇ ਪੁੱਜੇ, ਜਿਸਨੇ ਪੂਰਾ ਮਾਹੌਲ ਭਗਤੀ ਅਤੇ ਮਨਮੋਹਕ ਬਣਾ ਦਿੱਤਾ। ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਦੇ ਵਿਸ਼ੇ ’ਤੇ ਇੱਕ ਸੁੰਦਰ ਨਾਚ ਪੇਸ਼ ਕੀਤਾ, ਜਦੋਂ ਕਿ ਬੱਚਿਆਂ ਦੁਆਰਾ ਗਾਏ ਗਏ ਸਮੂਹ ਗੀਤ ਨੇ ਸਾਰਿਆਂ ਨੂੰ ਕ੍ਰਿਸ਼ਨ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।
ਸਕੂਲ ਦੇ ਚੇਅਰਮੈਨ ਸ਼੍ਰੀ ਜਗਦੀਸ਼ ਪਸਰੀਚਾ, ਸ਼੍ਰੀਮਤੀ ਮੀਨਾ ਪਸਰੀਚਾ, ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ, ਸ਼੍ਰੀਮਤੀ ਦਿਸ਼ਾ ਅਰੋੜਾ, ਸ਼੍ਰੀ ਨਿਖਿਲ ਪਸਰੀਚਾ, ਸ਼੍ਰੀ ਸੁਖਦੇਵ ਅਰੋੜਾ, ਡਾ. ਨਿਹਾਰਿਕਾ, ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰਕੌਰ ਮੱਲ੍ਹੀ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਅਤੇ ਸੀਏਏ ਇੰਚਾਰਜ ਸ਼੍ਰੀਮਤੀ ਸੁਸ਼ਮਾ ਵਰਮਾ ਮੌਜੂਦ ਸਨ।
ਇਸ ਜਸ਼ਨ ਨੇ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਸ਼ਰਧਾ ਦੀ ਮਹਿਮਾ ਤੋਂ ਜਾਣੂ ਕਰਵਾਇਆ। ਛੋਟੇ ਕ੍ਰਿਸ਼ਨ ਅਤੇ ਰਾਧਾ ਦੀ ਮਨਮੋਹਕ ਝਲਕ ਅਤੇ ਬੱਚਿਆਂ ਦੀ ਰੰਗੀਨ ਪੇਸ਼ਕਾਰੀ ਨੇ ਇਸ ਦਿਨ ਨੂੰ ਹਮੇਸ਼ਾ ਲਈ ਯਾਦਗਾਰੀ ਬਣਾ ਦਿੱਤਾ।
0 Comments