ਫ਼ਰੀਦਕੋਟ (ਸ਼ਿਵਨਾਥ ਦਰਦੀ)- ਭਾਰਤੀ ਕਮਿਊਨਿਸਟ ਪਾਰਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਲਾ ਫਰੀਦਕੋਟ ਦੇ ਗਰੀਬ ਪਰਿਵਾਰਾਂ ਨਾਲ ਸਬੰਧਤ ਜਿਨਾਂ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਜਾਂ ਕੰਧਾਂ ਪਾਟ ਜਾਣ ਕਾਰਨ ਘਰ ਨੁਕਸਾਨੇ ਗਏ ਹਨ, ਉਨਾਂ ਦੀ ਤੁਰੰਤ ਰਿਪੋਰਟ ਲੈ ਕੇ ਮਦਦ ਕੀਤੀ ਜਾਵੇ ਕਿਉਂ ਜੋ ਇਨਾਂ ਪਰਿਵਾਰਾਂ ਕੋਲ ਮਕਾਨਾਂ ਦੀ ਖੁਦ ਮੁਰੰਮਤ ਕਰਨ ਦੀ ਸਮਰੱਥਾ ਨਹੀਂ ਹੈ। ਇਸ ਸਬੰਧੀ ਪਾਰਟੀ ਦਾ ਇਕ ਵਫਦ ਜਿਲਾ ਸਕੱਤਰ ਅਸ਼ੋਕ ਕੌਸ਼ਲ ਦੀ ਅਗਵਾਈ ਹੇਠ ਏਡੀਸੀ (ਜਨਰਲ) ਮੈਡਮ ਹਰਜੋਤ ਕੌਰ ਨੂੰ ਮਿਲਿਆ। ਵਫਦ ਵਿੱਚ ਕਾਮਰੇਡ ਗੁਰਚਰਨ ਸਿੰਘ ਮਾਨ, ਕਾਮਰੇਡ ਗੁਰਨਾਮ ਸਿੰਘ ਸਰਪੰਚ ਸੰਧੂਰਾ ਸਿੰਘ ਨਗਰ, ਕਾਮਰੇਡ ਵੀਰ ਸਿੰਘ ਕੰਮੇਆਣਾ ਸੀਨੀਅਰ ਆਗੂ ਨਰੇਗਾ ਮਜ਼ਦੂਰ ਯੂਨੀਅਨ ਸਬੰਧਤ ਏਟਕ ਅਤੇ ਗੁਰਦੀਪ ਸਿੰਘ ਸ਼ਾਮਲ ਸਨ। ਵਫਦ ਵੱਲੋਂ ਜਿਲਾ ਅਧਿਕਾਰੀ ਨੂੰ ਪਾਰਟੀ ਕੋਲ ਆਈਆਂ ਦਰਖਾਸਤਾਂ ਦੇ ਮੁਕੰਮਲ ਕਾਗਜ਼ਾਤ ਸੌਂਪ ਕੇ ਮਦਦ ਦੀ ਮੰਗ ਕੀਤੀ ਗਈ। ਅਧਿਕਾਰੀ ਨੂੰ ਦੱਸਿਆ ਗਿਆ ਕਿ ਖਰਾਬ ਮੌਸਮ ਦੇ ਚਲਦੇ ਮਜ਼ਦੂਰ ਪਰਿਵਾਰਾਂ ਦੀਆਂ ਕੰਮ ਦਿਹਾੜੀਆਂ ਦਾ ਵੀ ਨੁਕਸਾਨ ਹੋਇਆ ਹੈ ਅਤੇ ਮਨਰੇਗਾ ਦਾ ਕੰਮ ਵੀ ਬੰਦ ਪਿਆ ਹੈ। ਜਿਲਾ ਅਧਿਕਾਰੀ ਨੇ ਹਮਦਰਦੀ ਨਾਲ ਵਫਦ ਵਿੱਚ ਸ਼ਾਮਿਲ ਆਗੂਆਂ ਦੇ ਵਿਚਾਰ ਸੁਣੇ ਅਤੇ ਨਿਯਮਾਂ ਅਨੁਸਾਰ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪਾਰਟੀ ਆਗੂਆਂ ਨੇ ਪ੍ਰੈੱਸ ਦੇ ਨਾਂ ਜਾਰੀ ਕੀਤੇ ਇਕ ਬਿਆਨ ਵਿਚ ਦੱਸਿਆ ਕਿ 21 ਸਤੰਬਰ ਨੂੰ ਮੋਹਾਲੀ ਵਿਖੇ ਪਾਰਟੀ ਵੱਲੋਂ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਇਹ ਮੰਗ ਵੀ ਚੁੱਕੀ ਜਾਏਗੀ ਅਤੇ ਜੇ ਲੋੜ ਪਈ ਤਾਂ ਪਾਰਟੀ ਸੰਘਰਸ਼ ਕਰਨ ਤੋਂ ਵੀ ਪਿਛੇ ਨਹੀਂ ਹਟੇਗੀ।
0 Comments