ਜਲੰਧਰ ਹਾਈਟਸ –1 ‘ਚ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਦੁਸਹਿਰਾ ਉਤਸਵ ਮਨਾਇਆ

 


ਜਲੰਧਰ, 03 ਅਕਤੂਬਰ (ਅਮਰਜੀਤ ਸਿੰਘ)-
ਜਲੰਧਰ ਹਾਈਟਸ–1, 66 ਫੁੱਟ ਰੋਡ ‘ਤੇ ਸਥਿਤ ਟੀ ਬਲਾਕ ਗਰਾਊਂਡ ਵਿੱਚ ਹਾਰ ਸਾਲ ਦੀ ਤਰਾ ਦੁਸਹਿਰਾ ਉਤਸਵ ਬੜੀ ਧੂਮਧਾਮ, ਧਾਰਮਿਕ ਸ਼ਰਧਾ ਅਤੇ ਰਵਾਇਤੀ ਮਾਹੌਲ ਵਿੱਚ ਮਨਾਇਆ ਗਿਆ। ਸਵੇਰੇ ਤੋਂ ਹੀ ਮੈਦਾਨ ਵਿੱਚ ਰੰਗ–ਬਿਰੰਗੀ ਸਜਾਵਟ ਅਤੇ ਰੌਸ਼ਨੀ ਨਾਲ ਤਿਉਹਾਰੀ ਚਮਕ ਨਜ਼ਰ ਆਉਣ ਲੱਗੀ ਸੀ। ਇਸ ਸਮਾਗਮ ਦੀ ਸ਼ੁਰੂਆਤ ਵਿੱਚ ਸ਼੍ਰੀ ਹਨੂੰਮਾਨ ਜੀ ਦੇ ਭਗਤਾਂ ਦੀ ਇੱਕ ਖਾਸ ਟੋਲੀ ਨੇ ਵਾਨਰ ਸੈਨਾਂ ਦਾ ਰੂਪ ਧਾਰ ਕੇ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ।

 “ਜੈ ਸ਼੍ਰੀ ਰਾਮ”ਦੇ ਜੋਸ਼ੀਲੇ ਨਾਅਰਿਆਂ ਨਾਲ ਪੂਰਾ ਮਾਹੌਲ ਗੂੰਜ ਉਠਿਆ ਅਤੇ ਭਗਤੀ ਤੇ ਉਤਸ਼ਾਹ ਦੀ ਲਹਿਰ ਦੌੜ ਪਈ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਇਸ ਸ਼ੋਭਾ ਯਾਤਰਾ ਦਾ ਪੂਰਾ ਆਨੰਦ ਲਿਆ। ਇਸ ਧਾਰਮਿਕ ਸਮਾਗਮ ਵਿੱਚ ਏ.ਜੀ.ਆਈ ਇੰਫਰਾ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਸ. ਸੁਖਦੇਵ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਪ੍ਰੋਜੈਕਟ ਡਾਇਰੈਕਟਰ ਸ. ਵਰਿੰਦਰ ਸਿੰਘ, ਜਨਰਲ ਅਰੁਣ ਖੰਨਾ ਅਤੇ ਸ਼੍ਰੀਮਤੀ ਸਲਵਿੰਦਰਜੀਤ ਕੌਰ ਵੀ ਹਾਜ਼ਰ ਸਨ।  ਸੋਸਾਇਟੀ ਦੇ ਹਜ਼ਾਰਾਂ ਨਿਵਾਸੀਆਂ ਨੇ ਦੁਸਹਿਰਾ ਉਤਸਵ ਵਿੱਚ ਵੱਡੇ ਚਾ ਨਾਲ ਹਿੱਸਾ ਲਿਆ।

    ਸ਼ਿਵ ਸ਼ਕਤੀ ਮੰਦਰ ਦੇ ਮੁੱਖ ਪੰਡਿਤ ਨਰਿੰਦਰ ਵਸ਼ਿਸ਼ਟ ਨੇ ਰਵਾਇਤੀ ਢੰਗ ਨਾਲ ਪੂਜਾ ਅਤੇ ਧਾਰਮਿਕ ਕਰਮਕਾਂਡ ਕਰਵਾਏ। ਮੁੱਖ ਮਹਿਮਾਨ ਸ. ਸੁਖਦੇਵ ਸਿੰਘ ਨੇ ਵੀ ਪੂਰੇ ਵਿਧੀ-ਵਿਧਾਨ ਨਾਲ ਪੂਜਾ ਕਰਕੇ ਸਭ ਲਈ ਸੁੱਖ–ਸ਼ਾਂਤੀ ਅਤੇ ਖੁਸ਼ਹਾਲੀ ਦੀ ਅਰਦਾਸ ਕੀਤੀ। ਸ. ਸੁਖਦੇਵ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ “ਦੁਸਹਿਰਾ ਸਾਨੂੰ ਸਿਖਾਉਂਦਾ ਹੈ ਕਿ ਸੱਚਾਈ ਅਤੇ ਚੰਗਿਆਈ ਦੀ ਹਮੇਸ਼ਾਂ ਜਿੱਤ ਹੁੰਦੀ ਹੈ। ਇਹ ਤਿਉਹਾਰ ਸਾਨੂੰ ਬੁਰਾਈਆਂ ਨੂੰ ਛੱਡਕੇ ਚੰਗੇ ਗੁਣ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ” ਉਨ੍ਹਾਂ ਅੱਗੇ ਕਿਹਾ, “ਵਿਜਯਦਸ਼ਮੀ (ਦੁਸਹਿਰਾ) ਚੰਗਿਆਈ ਦੀ ਬੁਰਾਈ ‘ਤੇ ਅਤੇ ਸੱਚ ਦੀ ਝੂਠ ‘ਤੇ ਜਿੱਤ ਦਾ ਪ੍ਰਤੀਕ ਹੈ। ਸਾਨੂੰ ਇਸ ਨੂੰ ਪਿਆਰ, ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।” ਸ਼ਾਮ ਦੇ ਸਮੇਂ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਦਾ ਦਹਨ ਸੀ। ਜਿਵੇਂ ਹੀ “ਜੈ ਸ਼੍ਰੀ ਰਾਮ”ਦੇ ਨਾਅਰੇ ਗੂੰਜੇ, ਪੁਤਲਿਆਂ ਨੂੰ ਅੱਗ ਲਗਾਈ ਗਈ ਅਤੇ ਰੰਗ–ਬਿਰੰਗੀ ਆਤਸ਼ਬਾਜ਼ੀ ਨਾਲ ਪੂਰਾ ਆਸਮਾਨ ਚਮਕ ਉਠਿਆ। ਲੋਕਾਂ ਨੇ ਇਹ ਦ੍ਰਿਸ਼ ਦੇਖ ਕੇ ਬਹੁਤ ਖੁਸ਼ੀ ਤੇ ਉਤਸ਼ਾਹ ਜਤਾਇਆ। ਦੁਸਹਿਰਾ ਉਤਸਵ ਨੇ ਇਕ ਵਾਰ ਫਿਰ ਇਹ ਸੁਨੇਹਾ ਦਿੱਤਾ ਕਿ ਧਰਮ, ਸਭਿਆਚਾਰ ਤੇ ਇਕਤਾ ਨਾਲ ਮਿਲਕੇ ਤਿਉਹਾਰ ਮਨਾਉਣਾ ਸਮਾਜ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਇਸ ਮੌਕੇ ਜਨਰਲ ਅਰੁਣ ਖੰਨਾ ਅਤੇ ਕਮੇਟੀ ਦੇ ਹੋਰ ਮੈਂਬਰਾਂ ਨੇ ਸਰਦਾਰ ਸੁਖਦੇਵ ਸਿੰਘ ਦਾ ਸਨਮਾਨ ਕੀਤਾ।


Post a Comment

0 Comments